ਵਿਤਕਰੇ ਦੀ ਸ਼ਿਕਾਇਤ ਕਰਨ ਦਾ ਤਰੀਕਾ

ਜੇਕਰ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ Department of Health (DOH, ਡਿਪਾਰਟਮੈਂਟ ਆਫ਼ ਹੈਲਥ) ਜਾਂ ਇਸਦੇ ਕਰਮਚਾਰੀਆਂ ਜਾਂ ਪ੍ਰਦਾਤਾਵਾਂ ਦੀਆਂ ਕਾਰਵਾਈਆਂ ਦੇ ਕਾਰਨ ਉਹਨਾਂ ਨਾਲ ਵਿਤਕਰਾ ਹੋਇਆ ਹੈ ਜਾਂ ਉਹਨਾਂ ਖਿਲਾਫ਼ ਜਵਾਬੀ-ਕਾਰਵਾਈ ਕੀਤੀ ਗਈ ਹੈ, ਤਾਂ ਉਹ ਇਸ ਘਟਨਾ ਦੇ 180 ਦਿਨਾਂ ਦੇ ਅੰਦਰ Civil Rights & ADA Program (ਸਿਵਲ ਰਾਇਟਸ ਅਤੇ ਅਮਰੀਕੀ ਅਪਾਹਜਤਾ ਐਕਟ ਪ੍ਰੋਗਰਾਮ) ਕੋਲ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਜੇਕਰ ਸ਼ਿਕਾਇਤ ਇਸ ਸਮਾਂ-ਸੀਮਾ ਤੋਂ ਬਾਹਰ ਹੈ, ਤਾਂ ਉਹ ਵਿਅਕਤੀ ਮਾਰਗਦਰਸ਼ਨ ਲਈ Javier Ruiz (Civil Rights & ADA Program ਦੇ ਮੈਨੇਜਰ) ਨਾਲ ਸੰਪਰਕ ਕਰ ਸਕਦੇ ਹਨ।

ਸ਼ਿਕਾਇਤ ਦਰਜ ਕਰਵਾਉਣਾ

ਸ਼ਿਕਾਇਤਾਂ ਲਿਖਤੀ ਰੂਪ ਵਿੱਚ ਸ਼ਿਕਾਇਤ ਫਾਰਮ (PDF) ਦੀ ਵਰਤੋਂ ਕਰਕੇ, ਈਮੇਲ, ਡਾਕ ਰਾਹੀਂ, ਵਿਅਕਤੀਗਤ ਤੌਰ 'ਤੇ, ਜਾਂ ਫ਼ੋਨ ਰਾਹੀਂ ਦਰਜ ਕਰਵਾਈਆਂ ਜਾ ਸਕਦੀਆਂ ਹਨ। DOH ਵੱਲੋਂ ਅਪਾਹਜ ਵਿਅਕਤੀਆਂ, ਅੰਗਰੇਜ਼ੀ ਨਾ ਬੋਲਣ ਵਾਲਿਆਂ ਅਤੇ ਸ਼ਿਕਾਇਤ ਦਰਜ ਕਰਵਾਉਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨ ਵਾਲੇ ਹੋਰ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਾਜਬ ਯਤਨ ਕੀਤੇ ਜਾਣਗੇ।

ਸ਼ਿਕਾਇਤ ਲਿਖਦੇ ਸਮੇਂ, ਹੇਠਾਂ ਦਿੱਤੀ ਜਾਣਕਾਰੀ ਸ਼ਾਮਲ ਕਰਨ ਨਾਲ ਬਹੁਤ ਮਦਦ ਮਿਲਦੀ ਹੈ:

  • ਨਾਮ, ਪਤਾ, ਫ਼ੋਨ ਨੰਬਰ, ਅਤੇ ਈਮੇਲ
  • ਵਿਵਹਾਰ ਜਾਂ ਘਟਨਾ ਦਾ ਵੇਰਵਾ ਅਤੇ ਇਸਦੇ ਵਾਪਰਨ ਦੀ ਮਿਤੀ
  • ਤੁਹਾਡੇ ਵੱਲੋਂ ਬਿਆਨ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਤੁਹਾਡੇ ਨਾਲ ਗੈਰ-ਕਾਨੂੰਨੀ ਵਿਤਕਰਾ ਹੋਇਆ ਹੈ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਤੁਹਾਨੂੰ ਕਿਉਂ ਲੱਗਦਾ ਹੈ ਕਿ ਵਿਵਹਾਰ ਜਾਂ ਘਟਨਾ ਇੱਕ ਸੁਰੱਖਿਅਤ ਵਰਗ ਨਾਲ ਸੰਬੰਧਿਤ ਸੀ
  • ਉਹਨਾਂ ਕਾਰਵਾਈਆਂ ਦਾ ਵੇਰਵਾ ਜੋ ਤੁਹਾਨੂੰ ਲੱਗਦਾ ਹੈ ਕਿ DOH ਸਮੱਸਿਆ ਨੂੰ ਸੁਲਝਾਉਣ ਲਈ ਕਰ ਸਕਦਾ ਹੈ

ਤੁਸੀਂ DOH ਦੇ ਸ਼ਿਕਾਇਤ ਫਾਰਮ (PDF) ਦੀ ਵਰਤੋਂ ਕਰ ਸਕਦੇ ਹੋ, ਜੋ ਕਿ ਤੁਹਾਡੀ ਸ਼ਿਕਾਇਤ ਦਾ ਮੁਲਾਂਕਣ ਕਰਨ ਲਈ DOH ਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ।

Washington State Department of Health Civil Rights & ADA Program
PO Box 47890 | Olympia, WA 98504-47890
(833) 428-3703 | Civil.Rights@doh.wa.gov

ਸ਼ਿਕਾਇਤ ਪ੍ਰਕਿਰਿਆ

ਸ਼ਿਕਾਇਤ ਮਿਲਣ ਤੋਂ ਬਾਅਦ, Civil Rights & ADA Program ਦਾ ਇੱਕ ਸਟਾਫ਼ ਮੈਂਬਰ 15 ਦਿਨਾਂ ਦੇ ਅੰਦਰ ਸ਼ਿਕਾਇਤਕਰਤਾ ਨਾਲ ਸੰਪਰਕ ਕਰਕੇ ਇਸ ਮੁੱਦੇ ਉੱਤੇ ਚਰਚਾ ਕਰੇਗਾ। ਜਾਂਚ ਸ਼ੁਰੂ ਕਰਨ ਤੋਂ ਪਹਿਲਾਂ, Civil Rights & ADA Program ਵੱਲੋਂ ਸ਼ਿਕਾਇਤ ਦੀ ਸਮੀਖਿਆ ਕਰਕੇ ਇਹ ਨਿਰਧਾਰਤ ਕੀਤਾ ਜਾਵੇਗਾ ਕਿ ਇਹ ਸ਼ਿਕਾਇਤ ਉਹਨਾਂ ਦੇ ਦਾਇਰੇ ਅਤੇ ਅਧਿਕਾਰ ਦੇ ਅੰਦਰ ਆਉਂਦੀ ਹੈ ਜਾਂ ਨਹੀਂ। ਜੇਕਰ Civil Rights & ADA Program ਵੱਲੋਂ ਜਾਂਚ ਸ਼ੁਰੂ ਕੀਤੀ ਜਾਂਦੀ ਹੈ, ਤਾਂ ਇਹਨਾਂ ਵੱਲੋਂ ਸਾਰੇ ਸੰਬੰਧਿਤ ਸਬੂਤਾਂ ਦੀ ਸਮੀਖਿਆ ਕੀਤੀ ਜਾਵੇਗੀ, ਗਵਾਹਾਂ ਦੇ ਇੰਟਰਵਿਊ ਲਏ ਜਾਣਗੇ ਅਤੇ ਢੁਕਵੀਂ ਕਾਰਵਾਈ ਅਤੇ ਸੰਭਾਵੀ ਹੱਲ ਨਿਰਧਾਰਤ ਕਰਨ ਲਈ ਲੋੜੀਂਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਜਾਂਚ ਦਾ ਨਤੀਜਾ ਲਿਖਤੀ ਰੂਪ ਵਿੱਚ ਪ੍ਰਦਾਨ ਕੀਤਾ ਜਾਵੇਗਾ, ਜਿਸ ਵਿੱਚ ਜਾਂਚ ਦਾ ਸਾਰ, ਵਿਤਕਰਾ ਹੋਇਆ ਸੀ ਜਾਂ ਨਹੀਂ, ਇਸ ਬਾਰੇ ਫ਼ੈਸਲਾ, ਅਤੇ ਜੇਕਰ ਲਾਗੂ ਹੁੰਦਾ ਹੈ ਤਾਂ ਸੁਝਾਏ ਗਏ ਉਪਰਾਲੇ ਸ਼ਾਮਲ ਹੋਣਗੇ।

ਅਣਉਪਚਾਰਕ ਹੱਲ

ਕਿਸੇ ਵੀ ਸਮੇਂ, Civil Rights & ADA Program ਵੱਲੋਂ ਸੁਲ੍ਹਾ ਕਰਵਾ ਕੇ ਅਤੇ ਆਪਸੀ ਰਜ਼ਾਮੰਦੀ ਨਾਲ ਕਿਸੇ ਹੱਲ ਤੱਕ ਪਹੁੰਚ ਕੇ ਸ਼ਿਕਾਇਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਅਣਉਪਚਾਰਕ ਹੱਲ ਦੀ ਇਹ ਪ੍ਰਕਿਰਿਆ ਸ਼ਿਕਾਇਤਕਰਤਾ ਦੇ DOH Civil Rights & ADA Program ਜਾਂ ਕਿਸੇ ਬਾਹਰੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਕੋਲ ਉਪਚਾਰਕ ਸ਼ਿਕਾਇਤ ਨੂੰ ਜਾਰੀ ਰੱਖਣ ਦੇ ਅਧਿਕਾਰ ਨੂੰ ਸੀਮਤ ਜਾਂ ਇਨਕਾਰ ਨਹੀਂ ਕਰਦੀ ਹੈ।

ਸ਼ਿਕਾਇਤ ਦਾ ਨਿਪਟਾਰਾ ਕਰਨ ਦੀ ਸਮੇਂ-ਸੀਮਾ

ਵਿਤਕਰੇ ਅਤੇ ਜਵਾਬੀ-ਕਾਰਵਾਈ ਦੀਆਂ ਸ਼ਿਕਾਇਤਾਂ ਆਮ ਤੌਰ 'ਤੇ ਦਾਇਰ ਕਰਨ ਤੋਂ ਬਾਅਦ 90 ਦਿਨਾਂ ਦੇ ਅੰਦਰ ਹੱਲ ਕਰ ਦਿੱਤੀਆਂ ਜਾਂਦੀਆਂ ਹਨ। ਜੇਕਰ ਹੋਰ ਸਮੇਂ ਦੀ ਲੋੜ ਪੈਂਦੀ ਹੈ, ਤਾਂ Civil Rights & ADA Program ਦਾ ਸਟਾਫ਼ ਲਿਖਤੀ ਰੂਪ ਵਿੱਚ ਸ਼ਿਕਾਇਤਕਰਤਾ ਨੂੰ ਸੂਚਿਤ ਕਰੇਗਾ।

ਸ਼ਿਕਾਇਤ ਦੇ ਹੋਰ ਵਿਕਲਪ

ਜੇਕਰ ਵਿਭਾਗ ਦੀ ਕਾਰਵਾਈ ਦੇ ਨਾਲ ਹੋਇਆ ਮੁੱਦੇ ਦਾ ਹੱਲ ਸ਼ਿਕਾਇਤਕਰਤਾ ਨੂੰ ਸੰਤੁਸ਼ਟੀਜਨਕ ਨਹੀਂ ਲੱਗਦਾ ਹੈ, ਤਾਂ ਉਹਨਾਂ ਨੂੰ ਹੋਰ ਢੁਕਵੀਂਆਂ ਏਜੰਸੀਆਂ, ਜਿਵੇਂ ਕਿ U.S. Department of Justice (ਯੂ.ਐੱਸ. ਡਿਪਾਰਟਮੈਂਟ ਔਫ਼ ਜਸਟਿਸ), U.S. Environmental Protection Agency (ਯੂ.ਐੱਸ. ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ), Department of Health and Human Services (ਡਿਪਾਰਟਮੈਂਟ ਔਫ਼ ਹੈਲਥ ਐਂਡ ਹਿਊਮਨ ਸਰਵੀਸਿਜ), ਜਾਂ Washington State Human Rights Commission (ਵਾਸ਼ਿੰਗਟਨ ਸਟੇਟ ਹਿਊਮਨ ਰਾਇਟਸ ਕਮਿਸ਼ਨ) ਦੇ ਕੋਲ ਸ਼ਿਕਾਇਤ ਦਰਜ ਕਰਨ ਦੇ ਉਹਨਾਂ ਦੇ ਅਧਿਕਾਰ ਬਾਰੇ ਸੂਚਿਤ ਕੀਤਾ ਜਾਵੇਗਾ।

ਜਵਾਬੀ-ਕਾਰਵਾਈ

Civil Rights & ADA Program ਵੱਲੋਂ ਜਵਾਬੀ-ਕਾਰਵਾਈ ਕਰਨ ਦੇ ਦੋਸ਼ ਵਾਲੀਆਂ ਸ਼ਿਕਾਇਤਾਂ ਦੀ ਵੀ ਸਮੀਖਿਆ ਕੀਤੀ ਜਾਵੇਗੀ, ਜਿਸ ਵਿੱਚ ਕਿਸੇ ਵਿਅਕਤੀ ਨੂੰ ਸੁਰੱਖਿਅਤ ਗਤੀਵਿਧੀ ਵਿੱਚ ਭਾਗ ਲੈਣ ਦੇ ਨਤੀਜੇ ਵਜੋਂ DOH ਜਾਂ ਇਸਦੇ ਕਰਮਚਾਰੀਆਂ ਜਾਂ ਪ੍ਰਦਾਤਾਵਾਂ ਦੁਆਰਾ ਨਕਾਰਾਤਮਕ ਨਤੀਜੇ ਜਾਂ ਵਿਰੁੱਧੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਸੁਰੱਖਿਅਤ ਗਤੀਵਿਧੀ ਦੀਆਂ ਉਦਾਹਰਨਾਂ ਵਿੱਚ ਇਹ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ: ਵਿਤਕਰੇ ਦੀ ਸ਼ਿਕਾਇਤ ਦਰਜ ਕਰਨਾ, ਕਿਸੇ ਜਾਂਚ ਵਿੱਚ ਹਿੱਸਾ ਲੈਣਾ, ਜਾਂ ਨਾਗਰਿਕ ਅਧਿਕਾਰ ਕਾਨੂੰਨ ਦੇ ਤਹਿਤ ਆਪਣੇ ਅਧਿਕਾਰਾਂ ਦਾ ਹੱਕ ਜਤਾਉਣਾ।

ਸ਼ਿਕਾਇਤ ਦਾ ਹੱਲ

ਅੰਤ ਵਿੱਚ, Civil Rights & ADA Program ਵੱਲੋਂ ਹੱਲ ਦੀ ਪ੍ਰਕਿਰਿਆ ਉੱਤੇ ਨਜ਼ਰ ਰੱਖੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਿਹਨਾਂ ਕਾਰਵਾਈਆਂ ਉੱਤੇ ਰਜ਼ਾਮੰਦੀ ਬਣੀ ਹੈ ਉਹਨਾਂ ਨੂੰ ਨਿਰਧਾਰਤ ਸਮੇਂ-ਸੀਮਾ ਦੇ ਅੰਦਰ ਪੂਰਾ ਕੀਤਾ ਜਾਵੇ।