ਧੂੰਆਂ ਸਾਹ ਰਾਹੀਂ ਅੰਦਰ ਖਿੱਚਣਾ ਕਿਸੇ ਲਈ ਵੀ ਚੰਗਾ ਨਹੀਂ ਹੈ। ਹਰ ਕਿਸੇ ਨੂੰ ਧੂੰਏਂ ਦੇ ਪ੍ਰਭਾਵਾਂ ਦੌਰਾਨ ਅਤੇ ਬਾਅਦ ਵਿੱਚ ਧੂੰਏਂ ਦੇ ਸੰਪਰਕ ਨੂੰ ਘਟਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ ਅਤੇ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਅੱਗ ਦੇ ਧੂੰਏਂ ਦਾ ਸੰਪਰਕ ਮਾਮੂਲੀ ਤੋਂ ਲੈ ਕੇ ਗੰਭੀਰ ਸਿਹਤ ਸਮੱਸਿਆਵਾਂ ਨੂੰ ਪੈਦਾ ਕਰ ਜਾਂ ਵਿਗਾੜ ਸਕਦਾ ਹੈ। ਜਿਵੇਂ-ਜਿਵੇਂ ਧੂੰਏਂ ਦਾ ਪੱਧਰ ਵਧਦਾ ਹੈ, ਇਸ ਦੇ ਮਾੜੇ ਪ੍ਰਭਾਵ ਹੋਰ ਵਿਗੜ ਸਕਦੇ ਹਨ ਅਤੇ ਗੰਭੀਰ ਹੋ ਸਕਦੇ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਧੂੰਏਂ ਪ੍ਰਤੀ ਸੰਵੇਦਨਸ਼ੀਲ ਹਨ - ਹੇਠਾਂ ਦੇਖੋ। ਕਿਸੇ ਨੂੰ ਵੀ ਲੱਛਣ ਜਾਂ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕੁਝ ਲੱਛਣਾਂ ਵਿੱਚ ਸ਼ਾਮਲ ਹਨ:
- ਅੱਖਾਂ, ਨੱਕ ਅਤੇ ਗਲੇ ਵਿੱਚ ਜਲਣ (ਅੱਖਾਂ ਦਾ ਜਲਣਾ, ਨੱਕ ਵਗਣਾ, ਖੰਘ)।
- ਥਕਾਵਟ।
- ਸਿਰ ਦਰਦ।
- ਸਾਹ ਲੈਣ ਵੇਲੇ ਘਰਘਰਾਹਟ ਦੀ ਆਵਾਜ਼ ਅਤੇ ਸਾਹ ਲੈਣ ਵਿੱਚ ਤਕਲੀਫ।
- ਮੌਜੂਦਾ ਬਿਮਾਰੀਆਂ, ਖਾਸ ਕਰਕੇ ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਦੇ ਲੱਛਣਾਂ ਵਿੱਚ ਵਾਧਾ (ਦਮੇ ਦੇ ਦੌਰੇ, ਛਾਤੀ ਵਿੱਚ ਦਰਦ, ਦਿਲ ਦੀ ਧੜਕਣ ਦਾ ਅਨਿਯਮਿਤ ਹੋਣਾ)।
- ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਅਤੇ ਤਣਾਅ।
ਜੇਕਰ ਜੰਗਲ ਦੀ ਅੱਗ ਦੇ ਧੂੰਏਂ ਦੌਰਾਨ ਅਤੇ ਉਸ ਤੋਂ ਬਾਅਦ ਦੇ ਹਫ਼ਤੇ ਵਿੱਚ ਤੁਹਾਨੂੰ ਗੰਭੀਰ ਲੱਛਣ ਮਹਿਸੂਸ ਹੋਣ, ਜਿਵੇਂ ਕਿ ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਤਕਲੀਫ, ਤਾਂ ਡਾਕਟਰੀ ਸਹਾਇਤਾ ਲਓ।
ਧੂੰਏਂ ਪ੍ਰਤੀ ਖ਼ਾਸ ਤੌਰ 'ਤੇ ਸੰਵੇਦਨਸ਼ੀਲ ਲੋਕ
ਜਿਵੇਂ-ਜਿਵੇਂ ਧੂੰਏਂ ਦਾ ਪੱਧਰ ਵਧਦਾ ਹੈ, ਇਸ ਦੇ ਮਾੜੇ ਪ੍ਰਭਾਵ ਖਾਸ ਕਰਕੇ ਸੰਵੇਦਨਸ਼ੀਲ ਸਮੂਹਾਂ ਲਈ ਹੋਰ ਵਿਗੜ ਸਕਦੇ ਹਨ ਅਤੇ ਗੰਭੀਰ ਹੋ ਸਕਦੇ ਹਨ। ਬਹੁਤ ਸਾਰੇ ਲੋਕਾਂ ਨੂੰ ਸਿਹਤ ਉੱਤੇ ਗੰਭੀਰ ਪ੍ਰਭਾਵਾਂ ਦਾ ਵੱਧ ਖ਼ਤਰਾ ਹੁੰਦਾ ਹੈ, ਜਿਸ ਵਿੱਚ ਇਹ ਸ਼ਾਮਲ ਹਨ:
- ਫੇਫੜਿਆਂ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ, ਜਿਵੇਂ ਕਿ ਦਮਾ ਜਾਂ ਫੇਫੜਿਆਂ ਸੰਬੰਧੀ ਪੁਰਾਣੀ ਬਿਮਾਰੀ (COPD), ਪੁਰਾਣੀ ਬ੍ਰੌਨਕਾਈਟਸ ਅਤੇ ਐਂਫੀਸੀਮਾ।
- ਮੌਜੂਦਾ ਜਾਂ ਹਾਲੀਆ ਸਾਹ ਦੀ ਲਾਗ ਤੋਂ ਪੀੜਤ ਲੋਕ, ਜਿਵੇਂ ਕਿ ਕੋਵਿਡ-19, ਨਿਮੋਨੀਆ, ਐਕਿਊਟ ਬ੍ਰੌਨਕਾਈਟਸ, ਬ੍ਰੌਨਕਿਓਲਾਈਟਸ, ਜ਼ੁਕਾਮ, ਜਾਂ ਫਲੂ।
- ਦਿਲ ਜਾਂ ਖ਼ੂਨ ਦੇ ਦੌਰੇ ਦੀਆਂ ਮੌਜੂਦਾ ਸਮੱਸਿਆਵਾਂ ਤੋਂ ਪੀੜਤ ਲੋਕ, ਜਿਵੇਂ ਕਿ ਕੰਜੈਸਟਿਵ ਹਾਰਟ ਫੇਲ੍ਹ ਜਾਂ ਕੋਰੋਨਰੀ ਆਰਟਰੀ ਦੀ ਬਿਮਾਰੀ।
- ਹਾਰਟ ਅਟੈਕ ਜਾਂ ਸਟਰੋਕ ਝੱਲ ਚੁਕੇ ਲੋਕ।
- ਸ਼ੂਗਰ ਤੋਂ ਪੀੜਤ ਲੋਕ ਕਿਉਂਕਿ ਉਨ੍ਹਾਂ ਵਿੱਚ ਦਿਲ ਦੀ ਅਣਪਛਾਤੀ ਬਿਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
- 18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਲੋਕ ਕਿਉਂਕਿ ਉਨ੍ਹਾਂ ਦੇ ਫੇਫੜੇ ਅਤੇ ਸਾਹ ਦੀਆਂ ਨਾਲੀਆਂ ਅਜੇ ਵੀ ਵਿਕਾਸ ਦੇ ਪੜਾਅ ਵਿੱਚ ਹੁੰਦੀਆਂ ਹਨ, ਅਤੇ ਉਹ ਨੌਜਵਾਨਾਂ ਦੇ ਮੁਕਾਬਲੇ ਆਪਣੇ ਸਰੀਰ ਦੇ ਭਾਰ ਪ੍ਰਤੀ ਪੌਂਡ ਦੇ ਹਿਸਾਬ ਨਾਲ ਜ਼ਿਆਦਾ ਹਵਾ ਸਾਹ ਰਾਹੀਂ ਅੰਦਰ ਖਿੱਚਦੇ ਹਨ।
- 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਕਿਉਂਕਿ ਉਨ੍ਹਾਂ ਵਿੱਚ ਦਿਲ ਜਾਂ ਫੇਫੜਿਆਂ ਦੀ ਅਣਪਛਾਤੀ ਬਿਮਾਰੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
- ਗਰਭਵਤੀ ਔਰਤਾਂ ਕਿਉਂਕਿ ਗਰਭਵਤੀ ਔਰਤ ਅਤੇ ਭਰੂਣ ਦੋਵਾਂ ਨੂੰ ਹੀ ਸਿਹਤ ਪ੍ਰਭਾਵਾਂ ਦਾ ਵੱਧ ਖ਼ਤਰਾ ਹੁੰਦਾ ਹੈ।
- ਪਹੁੰਚ ਅਤੇ ਕਾਰਜਸ਼ੀਲ ਲੋੜਾਂ ਵਾਲੇ ਲੋਕ, ਜਿਨ੍ਹਾਂ ਨੂੰ ਕਿਸੇ ਵੀ ਅਜਿਹੀ ਸਥਿਤੀ ਕਾਰਨ ਵਾਧੂ ਸਹਾਇਤਾ ਦੀ ਲੋੜ ਹੋ ਸਕਦੀ ਹੈ ਜੋ ਐਮਰਜੈਂਸੀ ਵਿੱਚ ਕਾਰਵਾਈ ਕਰਨ ਦੀ ਉਨ੍ਹਾਂ ਦੀ ਸਮਰੱਥਾ ਨੂੰ ਸੀਮਤ ਕਰਦੀ ਹੋਵੇ।
- ਸਿਗਰਟ ਪੀਣ ਵਾਲੇ ਜਾਂ ਸਿਗਰਟ ਪੀਣ ਦੇ ਇਤਿਹਾਸ ਵਾਲੇ ਲੋਕ ਕਿਉਂਕਿ ਉਨ੍ਹਾਂ ਦੇ ਫੇਫੜਿਆਂ ਦੀ ਕਾਰਜਕੁਸ਼ਲਤਾ ਪਹਿਲਾਂ ਹੀ ਘੱਟ ਹੋਣ ਅਤੇ/ਜਾਂ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪੀੜਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
- ਬਾਹਰ ਕੰਮ ਕਰਨ ਵਾਲੇ ਲੋਕ ਕਿਉਂਕਿ ਉਹ ਅਕਸਰ ਜ਼ਿਆਦਾ ਸਮਾਂ ਬਾਹਰ ਬਿਤਾਉਂਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਧੂੰਏਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਨਸਲੀ ਘੱਟ ਗਿਣਤੀ ਭਾਈਚਾਰੇ ਕਿਉਂਕਿ ਉਨ੍ਹਾਂ ਨੇ ਅਕਸਰ ਸਮਾਜਿਕ ਅਤੇ ਆਰਥਿਕ ਅਸਮਾਨਤਾਵਾਂ ਦਾ ਸਾਹਮਣਾ ਕੀਤਾ ਹੈ, ਜਿਸ ਨਾਲ ਧੂੰਏਂ ਕਾਰਨ ਸਿਹਤ 'ਤੇ ਮਾੜੇ ਪ੍ਰਭਾਵਾਂ ਦਾ ਖ਼ਤਰਾ ਵਧ ਜਾਂਦਾ ਹੈ।
- ਕਬੀਲੇ ਦੇ ਮੈਂਬਰ ਅਤੇ ਮੂਲ ਨਿਵਾਸੀ ਕਿਉਂਕਿ ਉਹ ਅਕਸਰ ਧੂੰਏਂ ਸਮੇਤ ਜਲਵਾਯੂ ਤਬਦੀਲੀ ਦੇ ਖ਼ਤਰਿਆਂ ਤੋਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ।
- ਘੱਟ ਆਮਦਨ ਵਾਲੇ ਲੋਕ ਕਿਉਂਕਿ ਉਨ੍ਹਾਂ ਕੋਲ ਸਿਹਤ ਸੰਭਾਲ ਤੱਕ ਪਹੁੰਚ ਹੋਣ ਜਾਂ ਧੂੰਏਂ ਦੇ ਸੰਪਰਕ ਨੂੰ ਘਟਾਉਣ ਲਈ ਲੋੜੀਂਦੇ ਉਪਾਵਾਂ ਦਾ ਖ਼ਰਚਾ ਚੁੱਕਣ ਦੀ ਸਮਰੱਥਾ ਘੱਟ ਹੋਣ ਦੀ ਸੰਭਾਵਨਾ ਹੁੰਦੀ ਹੈ।
- ਬੇਘਰ ਜਾਂ ਬਿਨਾਂ ਆਸਰੇ ਵਾਲੇ ਲੋਕ ਕਿਉਂਕਿ ਬਾਹਰ ਜ਼ਿਆਦਾ ਸਮਾਂ ਬਿਤਾਉਣ ਨਾਲ ਧੂੰਏਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਉਨ੍ਹਾਂ ਕੋਲ ਸਮਾਜਿਕ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਨਹੀਂ ਹੋ ਸਕਦੀ ਹੈ।