ਕੋਵਿਡ-19 ਅਸੀਂ ਜਾਣਦੇ ਹਾਂ ਕਿ COVID-19 ਨੇੜਲੇ ਭਵਿੱਖ ਵਿੱਚ ਮੌਜੂਦ ਰਹੇਗਾ। ਹੁਣ ਇਹ ਸਮਝਣਾ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਖੁਦ ਨੂੰ, ਆਪਣੇ ਅਜ਼ੀਜ਼ਾਂ ਨੂੰ ਅਤੇ ਭਾਈਚਾਰੇ ਨੂੰ ਜਿੰਨਾ ਸੰਭਵ ਹੋ ਸਕੇ ਸੁਰੱਖਿਅਤ ਰੱਖਦੇ ਹੋਏ ਆਪਣੀ ਜ਼ਿੰਦਗੀ ਕਿਵੇਂ ਜਿਉਣੀ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਹੁਣ ਤੱਕ ਅਸੀਂ ਜੋ ਚੀਜ਼ਾਂ ਸਿੱਖੀਆਂ ਹਨ ਉਹਨਾਂ ਨੂੰ ਵਰਤੋਂ ਵਿੱਚ ਲਿਆ ਕੇ , ਜਿਵੇਂ ਕਿ: COVID-19 ਵੈਕਸੀਨਾਂ ਨਾਲ ਅੱਪ-ਟੂ-ਡੇਟ ਰਹੋ, ਬਿਮਾਰ ਹੋਣ ਜਾਂ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ 'ਤੇ ਘਰ ਵਿੱਚ ਹੀ ਰਹਿਣਾ, ਭੀੜ-ਭੜੱਕੇ ਵਿੱਚ ਮਾਸਕ ਪਹਿਨਣਾ, ਅਤੇ ਦੂਜਿਆਂ ਕੋਲੋਂ ਦੂਰੀ ਬਣਾ ਕੇ ਰੱਖਣਾ।
ਕਦਮ ਚੁੱਕੋ, ਧਿਆਨ ਰੱਖੋ
ਜੇਕਰ ਤੁਹਾਨੂੰ ਇਸ ਵੇਲੇ COVID-19 ਹੈ
ਅਤਿਰਿਕਤ ਸਰੋਤ ਅਤੇ ਜਾਣਕਾਰੀ
- COVID-19 ਦੇ ਲੱਛਣ, ਸੰਕੇਤ ਅਤੇ ਰੋਕਥਾਮ
-
COVID-19 ਦੇ ਮੁੱਖ ਲੱਛਣ ਨਿਮਨਲਿਖਤ ਹਨ:
- ਖੰਘ, ਸਾਹ ਫੁੱਲਣਾ ਜਾਂ ਸਾਹ ਲੈਣ ਵਿੱਚ ਤਕਲੀਫ਼, ਬੁਖਾਰ, ਠੰਡ ਲੱਗਣਾ, ਮਾਸਪੇਸ਼ੀ ਵਿੱਚ ਦਰਦ, ਗਲੇ ਵਿੱਚ ਖ਼ਰਾਸ਼, ਸੁਆਦ ਜਾਂ ਸੁਗੰਧ ਨਾ ਆਉਣਾ। ਹੋਰ ਆਮ ਲੱਛਣਾਂ ਵਿੱਚ ਜੀਅ ਕੱਚਾ ਹੋਣਾ, ਉਲਟੀ ਜਾਂ ਦਸਤ ਵੀ ਸ਼ਾਮਲ ਹੈ।
- ਜੇਕਰ ਤੁਹਾਨੂੰ COVID-19 ਦੇ ਹੇਠਾਂ ਦਿੱਤੇ ਐਮਰਜੈਂਸੀ ਚਿਤਾਵਨੀ ਸੰਕੇਤ ਮਹਿਸੂਸ ਹੁੰਦੇ ਹਨ ਤਾਂ 911 'ਤੇ ਕਾਲ ਕਰੋ:
- ਸਾਹ ਲੈਣ ਵਿੱਚ ਤਕਲੀਫ਼
- ਛਾਤੀ ਵਿੱਚ ਲਗਾਤਾਰ ਦਰਦ ਜਾਂ ਜਕੜਨ
- ਅਚਾਨਕ ਬੌਂਦਲ ਜਾਣਾ
- ਜਾਗਣ ਜਾਂ ਜਾਗਦੇ ਰਹਿਣ ਵਿੱਚ ਦਿੱਕਤ ਆਉਣਾ
- ਚਮੜੀ ਦੇ ਰੰਗ 'ਤੇ ਨਿਰਭਰ ਕਰਦੇ ਹੋਏ, ਚਮੜੀ, ਬੁੱਲ੍ਹਾਂ ਜਾਂ ਨਹੁੰ ਦੀਆਂ ਕੋਰਾਂ ਦਾ ਰੰਗ ਪੀਲਾ, ਸਲੇਟੀ ਜਾਂ ਨੀਲਾ ਹੋ ਜਾਣਾ
- ਕਿਹੜੇ ਸਮੂਹਾਂ ਨੂੰ ਖ਼ਤਰਾ ਹੈ?
- ਬਜ਼ੁਰਗ, ਹਰ ਉਮਰ ਦੇ ਉਹ ਲੋਕ ਜਿਹਨਾਂ ਨੂੰ ਹੋਰ ਬਿਮਾਰੀਆਂ ਵੀ ਹਨ ਅਤੇ ਗਰਭਵਤੀ ਔਰਤਾਂ ਨੂੰ COVID-19 ਤੋਂ ਗੰਭੀਰ ਰੂਪ ਨਾਲ ਬਿਮਾਰ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੋ ਸਕਦਾ ਹੈ।
ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰਾਂ?
- ਵੈਕਸੀਨਾਂ ਪ੍ਰਾਪਤ ਕਰੋ ਅਤੇ ਅੱਪ-ਟੂ-ਡੇਟ ਰਹੋ।ਜੇਕਰ ਤੁਸੀਂ ਬਿਮਾਰ ਹੋ ਤਾਂ ਘਰ ਹੀ ਰਹੋ।
- ਮਾਸਕ ਪਹਿਨਣ ਬਾਰੇ ਵਿਚਾਰ ਕਰੋ।ਭੀੜ ਵਾਲੀਆਂ ਅਤੇ ਘੱਟ ਹਵਾਦਾਰ ਥਾਵਾਂ ’ਤੇ ਜਾਣ ਤੋਂ ਪਰਹੇਜ਼ ਕਰੋ।
- ਆਪਣੇ ਹੱਥ ਅਕਸਰ ਸਾਬਣ ਅਤੇ ਪਾਣੀ ਨਾਲ ਧੋਵੋ ਜਾਂ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ।ਖੰਘਣ ਜਾਂ ਛਿੱਕਣ ਵੇਲੇ ਆਪਣੀ ਬਾਂਹ ਜਾਂ ਟਿਸ਼ੂ ਨਾਲ ਆਪਣੇ ਮੂੰਹ ਨੂੰ ਢਕੋ।
- ਹੱਥ ਧੋਏ ਬਿਨਾਂ ਆਪਣੇ ਚਿਹਰੇ, ਮੂੰਹ, ਨੱਕ ਜਾਂ ਅੱਖਾਂ ਨੂੰ ਨਾ ਛੂਹੋ।ਜੇਕਰ ਤੁਹਾਨੂੰ COVID-19 ਦੇ ਲੱਛਣ ਹਨ, ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਕੋਈ ਡਾਕਟਰ ਜਾਂ ਸਿਹਤ ਬੀਮਾ ਨਹੀਂ ਹੈ, ਤਾਂ Department of Health (DOH, ਸਿਹਤ ਵਿਭਾਗ) ਰਾਹੀਂ ਮੁਫ਼ਤ ਟੈਲੀਹੈਲਥ ਅਪੌਂਇਂਟਮੈਂਟਾਂ (ਅੰਗਰੇਜ਼ੀ) ਉਪਲਬਧ ਹਨ।
- ਸਟੋਰਾਂ ਅਤੇ ਜਨਤਕ ਸਥਾਨਾਂ 'ਤੇ ਜਾਣ ਵੇਲੇ ਸਾਵਧਾਨੀ ਵਰਤੋ
-
ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਤੇ ਘਰ ਤੋਂ ਦੂਰ ਹੋਣ ਦੌਰਾਨ, ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜਿਹਨਾਂ ਨੂੰ ਧਿਆਨ ਵਿੱਚ ਰੱਖ ਕੇ ਤੁਸੀਂ ਖੁਦ ਦੀ ਅਤੇ ਦੂਜਿਆਂ ਦੀ ਰੱਖਿਆ ਕਰ ਸਕਦੇ ਹੋ।
ਘਰ ਤੋਂ ਬਾਹਰ ਜਾਣ ਤੋਂ ਪਹਿਲਾਂ:
- ਜੇ ਤੁਸੀਂ ਬਿਮਾਰ ਹੋ ਤਾਂ, ਜਿੰਨਾ ਸੰਭਵ ਹੋਵੇ ਸਟੋਰ ਜਾਂ ਹੋਰ ਜਨਤਕ ਥਾਵਾਂ ’ਤੇ ਨਾ ਜਾਓ। ਆਪਣੇ ਪਰਿਵਾਰ ਦੇ ਮੈਂਬਰ ਜਾਂ ਦੋਸਤ ਨੂੰ ਕਹੋ ਕਿ ਉਹ ਤੁਹਾਨੂੰ ਲੋੜੀਂਦੀਆਂ ਚੀਜ਼ਾਂ ਲਿਆ ਦੇਣ।
- ਗਰੋਸਰੀ, ਦਵਾਈਆਂ ਅਤੇ ਹੋਰ ਚੀਜ਼ਾਂ ਨੂੰ ਆਨਲਾਈਨ ਆਰਡਰ ਕਰਕੇ ਘਰ ਵਿੱਚ ਡਿਲੀਵਰ ਕਰਵਾਓ।
ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਚਾਰ-ਦਿਵਾਰੀ ਅੰਦਰ ਹੋਣ ਦੌਰਾਨ:
- ਅਜਿਹਾ ਮਾਸਕ ਪਹਿਨੋ ਜੋ ਤੁਹਾਡੇ ਨੱਕ ਅਤੇ ਮੂੰਹ ਨੂੰ ਢਕ ਕੇ ਰੱਖੇ।
- ਆਪਣੇ ਅਤੇ ਦੂਜਿਆਂ ਵਿਚਕਾਰ ਘੱਟੋ-ਘੱਟ 6 ਫੁੱਟ (2 ਮੀਟਰ) ਦੀ ਦੂਰੀ ਬਣਾਈ ਰੱਖੋ, ਚੈੱਕ-ਆਊਟ ਲਾਈਨ ਵਿੱਚ ਖੜ੍ਹੇ ਹੋਣ ਸਮੇਂ ਵੀ।
- ਖੰਘਣ ਜਾਂ ਛਿੱਕਣ ਵੇਲੇ ਆਪਣਾ ਮੂੰਹ ਅਤੇ ਨੱਕ ਢਕੋ।
- ਆਪਣੇ ਚਿਹਰੇ ਨੂੰ ਹੱਥ ਨਾ ਲਗਾਓ।
- ਜੇਕਰ ਖਰੀਦਦਾਰੀ ਕਰ ਰਹੇ ਹੋ, ਤਾਂ ਆਪਣੀ ਕਾਰਟ ਦੇ ਹੈਂਡਲ ਜਾਂ ਖਰੀਦਦਾਰੀ ਵਾਲੀ ਟੋਕਰੀ ਨੂੰ ਸਾਫ਼ ਕਰਨ ਲਈ, ਸੈਨੀਟਾਈਜ਼ਰ ਜਾਂ ਕੀਟਨਾਸ਼ਕ ਵਾਈਪਸ ਦੀ ਵਰਤੋਂ ਕਰੋ।
- ਗਰਭ ਅਵਸਥਾ, ਬੱਚੇ ਅਤੇ COVID-19
-
ਜੇ ਤੁਸੀਂ ਗਰਭਵਤੀ ਹੋ ਤਾਂ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਹੈ
- ਜਿਹੜੀਆਂ ਔਰਤਾਂ ਗਰਭਵਤੀ ਨਹੀਂ ਹਨ, ਉਹਨਾਂ ਦੀ ਤੁਲਨਾ ਵਿੱਚ ਗਰਭਵਤੀ ਔਰਤਾਂ ਨੂੰ ਜਾਂ ਜਿਹਨਾਂ ਔਰਤਾਂ ਨੇ ਹਾਲ ਹੀ ਵਿੱਚ ਗਰਭ-ਧਾਰਨ ਕੀਤਾ ਹੈ, ਉਹਨਾਂ ਨੂੰ COVID-19 ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
- ਜਿਹੜੀਆਂ ਔਰਤਾਂ ਗਰਭ ਅਵਸਥਾ ਦੌਰਾਨ COVID-19 ਨਾਲ ਸੰਕਰਮਿਤ ਹੋ ਜਾਂਦੀਆਂ ਹਨ, ਉਹਨਾਂ ਵਿੱਚ ਸਮੇਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣ (37 ਹਫ਼ਤਿਆਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ) ਅਤੇ ਮਰੇ ਹੋਏ ਬੱਚੇ ਨੂੰ ਜਨਮ ਦੇਣ ਦਾ ਖ਼ਤਰਾ ਵੱਧ ਜਾਂਦਾ ਹੈ, ਅਤੇ ਗਰਭ ਅਵਸਥਾ ਸੰਬੰਧੀ ਹੋਰ ਸਮੱਸਿਆਵਾਂ ਪੈਦਾ ਹੋਣ ਦਾ ਖ਼ਤਰਾ ਵੀ ਵੱਧ ਸਕਦਾ ਹੈ।
- ਗਰਭਵਤੀ ਔਰਤਾਂ ਜਾਂ ਹਾਲ ਹੀ ਵਿੱਚ ਗਰਭ-ਧਾਰਨ ਕਰਨ ਵਾਲੀਆਂ ਔਰਤਾਂ ਅਤੇ ਜਿਹਨਾਂ ਦੇ ਸੰਪਰਕ ਵਿੱਚ ਇਹ ਔਰਤਾਂ ਹਨ, ਉਹਨਾਂ ਨੂੰ COVID-19 ਤੋਂ ਬਚਾਉਣ ਲਈ ਇਹ ਕਦਮ ਚੁੱਕਣੇ ਚਾਹੀਦੇ ਹਨ:
- ਵੈਕਸੀਨਾਂ ਪ੍ਰਾਪਤ ਕਰੋ ਅਤੇ ਅੱਪ-ਟੂ-ਡੇਟ ਰਹੋ।ਭੀੜ-ਭੜੱਕੇ ਵਾਲੀਆਂ ਥਾਂਵਾਂ 'ਤੇ ਮਾਸਕ ਪਹਿਨਣ ਬਾਰੇ ਵਿਚਾਰ ਕਰੋ।ਭੀੜ-ਭੜੱਕੇ ਵਾਲੀਆਂ ਅਤੇ ਘੱਟ ਹਵਾਦਾਰ ਥਾਂਵਾਂ ’ਤੇ ਜਾਣ ਤੋਂ ਪਰਹੇਜ਼ ਕਰੋ।ਦੂਜਿਆਂ ਤੱਕ COVID-19 ਨੂੰ ਫੈਲਣ ਤੋਂ ਰੋਕਣ ਲਈ ਟੈਸਟ ਕਰਵਾਓ।ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ ਅਤੇ ਖੰਘਣ ਜਾਂ ਛਿੱਕਣ ਵੇਲੇ ਆਪਣੀ ਬਾਂਹ ਜਾਂ ਟਿਸ਼ੂ ਨਾਲ ਆਪਣੇ ਮੂੰਹ ਨੂੰ ਢਕੋ।
- ਆਪਣੇ ਘਰ ਨੂੰ ਸਮੇਂ-ਸਮੇਂ ’ਤੇ ਸਾਫ਼ ਅਤੇ ਰੋਗਾਣੂ-ਮੁਕਤ ਕਰੋ।
- ਰੋਜ਼ਾਨਾ ਆਪਣੀ ਸਿਹਤ ਦੀ ਨਿਗਰਾਨੀ ਕਰਦੇ ਰਹੋ।
ਜੇਕਰ ਤੁਹਾਨੂੰ ਆਪਣੀ ਗਰਭ ਅਵਸਥਾ ਬਾਰੇ ਕੋਈ ਚਿੰਤਾ ਹੈ, ਜੇਕਰ ਤੁਸੀਂ ਬਿਮਾਰ ਹੋ ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ COVID-19 ਹੋ ਸਕਦਾ ਹੈ ਤਾਂ ਤੁਰੰਤ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਕਾਲ ਕਰੋ।
ਗਰਭ ਅਵਸਥਾ ਅਤੇ COVID-19 ਵੈਕਸੀਨ
- ਜਿਹੜੀਆਂ ਔਰਤਾਂ ਗਰਭਵਤੀ ਹਨ, ਦੁੱਧ ਚੁੰਘਾਉਂਦੀਆਂ ਹਨ, ਗਰਭ-ਧਾਰਨ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਜਾਂ ਭਵਿੱਖ ਵਿੱਚ ਗਰਭ-ਧਾਰਨ ਕਰ ਸਕਦੀਆਂ ਹਨ, ਉਹਨਾਂ ਨੂੰ COVID-19 ਵੈਕਸੀਨ ਲਗਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
- ਗਰਭ ਅਵਸਥਾ ਦੌਰਾਨ COVID-19 ਵਿਰੁੱਧ ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਬਾਰੇ ਸਬੂਤ ਵਧ ਰਹੇ ਹਨ। ਡੇਟਾ ਦਰਸਾਉਂਦਾ ਹੈ ਕਿ ਗਰਭ ਅਵਸਥਾ ਦੌਰਾਨ COVID-19 ਦੀ ਵੈਕਸੀਨ ਲਗਵਾਉਣ ਦੇ ਲਾਭ ਵੈਕਸੀਨ ਦੇ ਕਿਸੇ ਵੀ ਸਾਹਮਣੇ ਆਏ ਜਾਂ ਸੰਭਾਵੀ ਖ਼ਤਰਿਆਂ ਤੋਂ ਵੱਧ ਹਨ।
- ਗਰਭਵਤੀ ਔਰਤਾਂ ਨੂੰ ਯੋਗ ਹੋਣ 'ਤੇ COVID-19 ਵੈਕਸੀਨ ਦੀ ਅੱਪਡੇਟ ਕੀਤੀ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ।COVID-19 ਦੀ ਵੈਕਸੀਨ ਦੇ ਕਾਰਨ COVID-19 ਦਾ ਸੰਕਰਮਣ ਨਹੀਂ ਹੁੰਦਾ ਹੈ, ਇਸ ਵਿੱਚ ਗਰਭਵਤੀ ਔਰਤਾਂ ਜਾਂ ਉਹਨਾਂ ਦੇ ਬੱਚੇ ਵੀ ਸ਼ਾਮਲ ਹਨ।
- ਮੌਜੂਦਾ ਸਮੇਂ ਵਿੱਚ ਅਜਿਹਾ ਕੋਈ ਸਬੂਤ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ COVID-19 ਦੀ ਵੈਕਸੀਨ ਸਮੇਤ, ਕਿਸੇ ਵੀ ਵੈਕਸੀਨ ਦੇ ਕਾਰਨ, ਔਰਤਾਂ ਜਾਂ ਪੁਰਸ਼ਾਂ ਦੀ ਜਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ।
- ਕੀ ਤੁਸੀਂ ਗਰਭਵਤੀ ਹੋ ਅਤੇ COVID-19 ਦੀ ਵੈਕਸੀਨ ਬਾਰੇ ਤੁਹਾਡੇ ਹੋਰ ਸਵਾਲ ਹਨ? ਆਪਣੇ ਡਾਕਟਰ ਜਾਂ MotherToBaby ਨਾਲ ਗੱਲ ਕਰੋ, ਜਿਹਨਾਂ ਦੇ ਮਾਹਰ ਫ਼ੋਨ ਜਾਂ ਚੈਟ ਰਾਹੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਉਪਲਬਧ ਹਨ। ਇਹ ਮੁਫ਼ਤ ਅਤੇ ਗੁਪਤ ਸੇਵਾ, ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹੈ। ਲਾਈਵ ਚੈਟ ਕਰਨ ਜਾਂ ਈਮੇਲ ਭੇਜਣ ਲਈ MotherToBaby (ਅੰਗਰੇਜ਼ੀ) 'ਤੇ ਜਾਓ ਜਾਂ 1-866-626-6847 'ਤੇ ਕਾਲ ਕਰੋ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਉਪਲਬਧ ਹੈ)।
ਜੇ ਕਿਸੇ ਨਵਜਾਤ ਬੱਚੇ ਨੂੰ COVID-19 ਜੋ ਜਾਂਦਾ ਹੈ ਤਾਂ ਉਸ ਦੀ ਦੇਖਭਾਲ ਕਿਵੇਂ ਕਰਨੀ ਹੈ
- ਜਿਹਨਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ COVID-19 ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਔਰਤਾਂ ਦੇ ਨਵਜੰਮੇ ਬੱਚਿਆਂ ਨੂੰ COVID-19 ਨਹੀਂ ਹੋਇਆ ਸੀ।
- ਜਿਹੜੇ ਨਵਜੰਮੇ ਬੱਚਿਆਂ ਦਾ COVID-19 ਟੈਸਟ ਪੌਜ਼ੀਟਿਵ ਆਇਆ ਸੀ, ਉਹਨਾਂ ਵਿੱਚੋਂ ਜ਼ਿਆਦਾਤਰ ਨੂੰ ਹਲਕੇ ਜਾਂ ਕੋਈ ਵੀ ਲੱਛਣ ਨਹੀਂ ਸਨ ਅਤੇ ਉਹ ਠੀਕ ਹੋ ਗਏ ਹਨ। ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਕੁਝ ਨਵਜੰਮੇ ਬੱਚਿਆਂ ਨੂੰ COVID-19 ਤੋਂ ਗੰਭੀਰ ਬਿਮਾਰੀ ਹੋ ਗਈ ਸੀ।
- ਜੇਕਰ ਤੁਸੀਂ COVID-19 ਦੇ ਕਾਰਨ ਇਕਾਂਤਵਾਸ ਵਿੱਚ ਹੋ ਅਤੇ ਤੁਹਾਡੇ ਕੋਲ ਇੱਕ ਨਵਜੰਮਿਆ ਬੱਚਾ ਹੈ, ਤਾਂ ਆਪਣੇ ਇਕਾਂਤਵਾਸ ਦੀ ਮਿਆਦ ਖਤਮ ਹੋਣ ਤੱਕ ਹੇਠ ਲਿਖੀਆਂ ਸਾਵਧਾਨੀਆਂ ਵਰਤੋ:
- ਜਿਹੜੇ ਲੋਕ ਤੁਹਾਡੇ ਨਾਲ ਨਹੀਂ ਰਹਿੰਦੇ ਹਨ ਉਹਨਾਂ ਤੋਂ ਅਲੱਗ ਰਹਿਣ ਲਈ ਆਪਣੇ ਘਰ ਵਿੱਚ ਹੀ ਰਹੋ।
- ਘਰ ਦੇ ਦੂਜੇ ਮੈਂਬਰ, ਜੋ ਸੰਕਰਮਿਤ ਨਹੀਂ ਹਨ, ਉਹਨਾਂ ਤੋਂ ਅਲੱਗ ਰਹੋ (ਦੂਰ ਰਹੋ) ਅਤੇ ਸਾਂਝੀਆਂ ਥਾਵਾਂ 'ਤੇ ਮਾਸਕ ਪਹਿਨੋ।
- ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਲਈ ਇੱਕ ਤੰਦਰੁਸਤ ਦੇਖਭਾਲ ਕਰਨ ਵਾਲੇ ਵਿਅਕਤੀ ਦੀ ਮਦਦ ਲਓ, ਜਿਹਨਾਂ ਨੂੰ ਅੱਪ-ਟੂ-ਡੇਟ ਵੈਕਸੀਨ ਲੱਗੀ ਹੋਵੇ ਅਤੇ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਨਾ ਹੋਵੇ। ਜੇ ਸੰਭਵ ਹੋਵੇ, ਤਾਂ ਪੰਪ ਰਾਹੀਂ ਆਪਣਾ ਦੁੱਧ ਬਾਹਰ ਕੱਢੋ ਤਾਂ ਕਿ ਬੱਚੇ ਦੀ ਦੇਖਭਾਲ ਕਰਨ ਵਾਲਾ ਬੱਚੇ ਨੂੰ ਤੁਹਾਡਾ ਦੁੱਧ ਪਿਲਾ ਸਕੇ। ਜੇ ਤੁਸੀਂ ਫਾਰਮੂਲਾ ਮਿਲਕ ਦਿੰਦੇ ਹੋ, ਤਾਂ ਦੇਖਭਾਲ ਕਰਨ ਵਾਲੇ ਸਿਹਤਮੰਦ ਵਿਅਕਤੀ ਨੂੰ ਫਾਰਮੂਲਾ ਮਿਲਕ ਤਿਆਰ ਕਰਨ ਲਈ ਕਹੋ।
- ਜੇਕਰ ਆਪਣੇ ਇਕਾਂਤਵਾਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਤੁਹਾਨੂੰ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਦੀ ਲੋੜ ਪੈਂਦੀ ਹੈ ਤਾਂ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰੋ, ਜਿਸ ਵਿੱਚ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਦੇ ਜਾਂ ਚੁੱਕਣ ਵੇਲੇ ਮਾਸਕ ਪਹਿਨਣਾ ਸ਼ਾਮਲ ਹੈ।
- ਆਪਣੇ ਨਵਜੰਮੇ ਬੱਚੇ ਵਿੱਚ COVID-19 ਦੇ ਲੱਛਣਾਂ ਦੀ ਨਿਗਰਾਨੀ ਕਰਦੇ ਰਹੋ।
- ਮੌਜੂਦਾ ਸਬੂਤ ਦਰਸਾਉਂਦੇ ਹਨ ਕਿ ਮਾਂ ਦੇ ਦੁੱਧ ਨਾਲ ਬੱਚਿਆਂ ਵਿੱਚ ਵਾਇਰਸ ਜਾਣ ਦੀ ਸੰਭਾਵਨਾ ਨਹੀਂ ਹੈ। ਹਾਲ ਹੀ ਵਿੱਚ ਹੋਏ ਅਧਿਐਨ ਦਰਸਾਉਂਦੇ ਹਨ ਕਿ ਜਿਹੜੀਆਂ ਔਰਤਾਂ ਨੂੰ COVID-19 ਦੀ ਵੈਕਸੀਨ ਲੱਗੀ ਹੋਈ ਸੀ, ਉਹਨਾਂ ਦੇ ਦੁੱਧ ਰਾਹੀਂ ਉਹਨਾਂ ਦੇ ਬੱਚਿਆਂ ਵਿੱਚ ਸੁਰੱਖਿਆਤਮਕ ਐਂਟੀਬਾਡੀਜ਼ ਟ੍ਰਾਂਸਫਰ ਹੋਈਆਂ ਹਨ। ਜੇਕਰ ਤੁਹਾਨੂੰ COVID-19 ਹੈ ਅਤੇ ਤੁਸੀਂ ਬੱਚੇ ਨੂੰ ਦੁੱਧ ਚੁੰਘਾਉਣਾ ਹੈ, ਤਾਂ:
- ਦੁੱਧ ਚੁੰਘਾਉਣਾ ਤੋਂ ਪਹਿਲਾਂ ਆਪਣੇ ਹੱਥ ਧੋਵੋ।
- ਬੱਚੇ ਨੂੰ ਦੁੱਧ ਚੁੰਘਾਉਣ ਵੇਲੇ ਅਤੇ ਜਦੋਂ ਵੀ ਤੁਸੀਂ ਆਪਣੇ ਬੱਚੇ ਦੇ 6 ਫੁੱਟ (2 ਮੀਟਰ) ਦੇ ਦਾਇਰੇ ਵਿੱਚ ਹੋਵੋ ਤਾਂ ਮਾਸਕ ਪਹਿਨੋ।
Perinatal Support Washington Warm Line (ਪੇਰੀਨੇਟਲ ਸਪੋਰਟ ਵਾਸ਼ਿੰਗਟਨ ਵਾਰਮ ਲਾਈਨ) ਸਾਰੇ ਨਵੇਂ ਅਤੇ ਉਮੀਦ ਕਰਨ ਵਾਲੇ ਮਾਪਿਆਂ ਜਾਂ ਉਹਨਾਂ ਦੇ ਪਿਆਰਿਆਂ ਵਾਸਤੇ ਉਪਲਬਧ ਹੈ, ਜਦੋਂ ਵੀ ਉਹਨਾਂ ਨੂੰ ਮਾਨਸਿਕ ਸਿਹਤ ਬਾਰੇ ਜਾਣਕਾਰੀ ਅਤੇ ਸਹਾਇਤਾ ਦੀ ਲੋੜ ਪੈਂਦੀ ਹੈ। Perinatal Support Washington Warm Line ਨੂੰ 1-888-404-7763 'ਤੇ ਕਾਲ ਕਰੋ ਜਾਂ ਫਿਰ www.perinatalsupport.org/warm-line (ਅੰਗਰੇਜ਼ੀ ਵਿੱਚ) 'ਤੇ ਜਾਓ। warmline@perinatalsupport.org 'ਤੇ ਈਮੇਲ ਕਰੋ।
ਮਦਦ ਪ੍ਰਾਪਤ ਕਰਨਾ ਮਹੱਤਵਪੂਰਨ ਹੈ। ਵਾਰਮ ਲਾਈਨ ਦਾ ਜਵਾਬ ਸੋਮਵਾਰ ਤੋਂ ਲੈਕੇ ਸ਼ੁੱਕਰਵਾਰ ਤੱਕ, ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ ਲਾਈਵ ਦਿੱਤਾ ਜਾਂਦਾ ਹੈ (ਕੇਵਲ ਅੰਗਰੇਜ਼ੀ ਅਤੇ ਸਪੇਨਿਸ਼ ਭਾਸ਼ਾ ਵਿੱਚ)। ਸ਼ਾਮ ਨੂੰ ਅਤੇ ਹਫ਼ਤੇ ਦੇ ਅੰਤਲੇ ਦਿਨਾਂ ਨੂੰ, ਕਿਰਪਾ ਕਰਕੇ ਇੱਕ ਸੁਨੇਹਾ ਛੱਡ ਦਿਓ ਅਤੇ ਕੋਈ ਨਾ ਕੋਈ ਤੁਹਾਡੀ ਕਾਲ ਦਾ ਜਵਾਬ 1-12 ਘੰਟਿਆਂ ਦੇ ਅੰਦਰ ਦੇਵੇਗਾ। ਸਹਾਇਤਾ ਲਾਈਨ 'ਤੇ ਸਮਾਜ ਸੇਵਕਾਂ, ਲਾਇਸੰਸਸ਼ੁਦਾ ਚਿਕਿਤਸਕਾਂ, ਜਾਂ ਉਹਨਾਂ ਮਾਪਿਆਂ ਦਾ ਸਟਾਫ਼ ਹੁੰਦਾ ਹੈ, ਜਿਹਨਾਂ ਨੂੰ ਬੱਚੇ ਦੇ ਜਨਮ ਤੋਂ ਬਾਅਦ ਦੀ ਉਦਾਸੀਨਤਾ ਜਾਂ ਚਿੰਤਾ ਬਾਰੇ ਤਜਰਬਾ ਹੈ।
- ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ
-
- ਭਰੋਸੇਯੋਗ ਮੀਡੀਆ, ਜਨਤਕ ਅਤੇ ਸਥਾਨਕ ਸਿਹਤ ਏਜੰਸੀਆਂ ਅਤੇ ਜਨਤਕ ਸਿਹਤ ਦੀਆਂ ਵੈੱਬਸਾਈਟਾਂ ਦੀਆਂ ਅੱਪਡੇਟਾਂ ਰਾਹੀਂ ਮੌਜੂਦਾ ਸਿਫਾਰਸ਼ਾਂ ਬਾਰੇ ਪੂਰੀ ਤਰ੍ਹਾਂ ਜਾਣੂ ਰਹੋ।ਭਾਈਚਾਰੇ ਦੇ ਸਰੋਤਾਂ ਦੀ ਇੱਕ ਸੂਚੀ ਬਣਾਓ, ਜਿਵੇਂ ਕਿ ਫ਼ੋਨ ਨੰਬਰ, ਵੈੱਬ ਸਾਈਟਾਂ ਅਤੇ ਸੋਸ਼ਲ ਮੀਡੀਆ ਖਾਤੇ। ਤੁਸੀਂ ਸਕੂਲਾਂ, ਡਾਕਟਰਾਂ, ਜਨਤਕ ਸਿਹਤ ਸੰਸਥਾਵਾਂ, ਸਮਾਜਿਕ ਸੇਵਾਵਾਂ, ਭਾਈਚਾਰੇ ਦੇ ਮਾਨਸਿਕ ਸਿਹਤ ਕੇਂਦਰਾਂ ਅਤੇ ਹੌਟਲਾਈਨਾਂ ਨੂੰ ਵੀ ਸ਼ਾਮਲ ਕਰ ਸਕਦੇ ਹੋ।
- ਫ਼ੋਨ ਜਾਂ ਔਨਲਾਈਨ ਸੇਵਾਵਾਂ ਰਾਹੀਂ ਪਰਿਵਾਰ ਦੇ ਮੈਂਬਰਾਂ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹੋ।
- ਮੁੱਢਲੀਆਂ ਸਿਹਤ ਸਪਲਾਈਆਂ ਨੂੰ ਵਰਤੋਂ ਲਈ ਤਿਆਰ ਰੱਖੋ (ਜਿਵੇਂ ਕਿ ਸਾਬਣ, ਅਲਕੋਹਲ-ਆਧਾਰਿਤ ਸੈਨੀਟਾਈਜ਼ਰ, ਟਿਸ਼ੂ, ਥਰਮਾਮੀਟਰ, ਬੁਖਾਰ ਘਟਾਉਣ ਵਾਲੀਆਂ ਦਵਾਈਆਂ ਅਤੇ COVID-19 ਦੇ ਟੈਸਟ ਲਈ ਘਰੇਲੂ ਕਿੱਟਾਂ)।
- ਉਹਨਾਂ ਦਵਾਈਆਂ ਦੀ ਸਪਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ, ਜੋ ਤੁਸੀਂ ਜਾਂ ਤੁਹਾਡੇ ਪਰਿਵਾਰ ਦੇ ਮੈਂਬਰ ਨਿਯਮਿਤ ਤੌਰ 'ਤੇ ਲੈਂਦੇ ਹਨ।
ਤੁਹਾਡੇ ਪਰਿਵਾਰ ਦੇ ਜਵਾਨ ਮੈਂਬਰਾਂ ਲਈ ਸਮਰਥਨ
- ਆਪਣੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਫ਼ੋਨ, ਮੈਸੇਜ, ਈਮੇਲ ਜਾਂ ਸ਼ੋਸ਼ਲ ਮੀਡੀਆਂ ਰਾਹੀਂ ਗੱਲ ਕਰਦੇ ਰਹੋ ਅਤੇ ਉਹਨਾਂ ਤੋਂ ਸਹਾਇਤਾ ਲਓ।
- ਜੇਕਰ ਖ਼ਬਰਾਂ ਤੁਹਾਡੇ ਬੱਚਿਆਂ ਨੂੰ ਪਰੇਸ਼ਾਨ ਕਰਦੀਆਂ ਹਨ ਤਾਂ ਉਹਨਾਂ ਤੋਂ ਥੋੜ੍ਹੀ ਬਰੇਕ ਲੈਣਾ ਨਾ ਭੁੱਲੋ। ਇੰਟਰਨੈੱਟ ਜਾਂ ਹੋਰ ਸਰੋਤਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਨੂੰ ਸਪੱਸ਼ਟ ਕਰਨ ਲਈ ਉਹਨਾਂ ਨਾਲ ਗੱਲ ਕਰੋ।
- ਬੱਚਿਆਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਕੇ ਉਹਨਾਂ ਦੀ ਸਹਾਇਤਾ ਕਰਨ ’ਤੇ ਧਿਆਨ ਦਿਓ ਅਤੇ ਉਹਨਾਂ ਨੂੰ ਮੌਜੂਦਾ ਸਥਿਤੀ ਨੂੰ ਸਮਝਣ ਵਿੱਚ ਸਹਾਇਤਾ ਕਰੋ।
- ਉਹਨਾਂ ਨਾਲ ਆਪਣੀਆਂ ਭਾਵਨਾਵਾਂ ਬਾਰੇ ਗੱਲ ਕਰੋ ਅਤੇ ਉਹਨਾਂ ਦਾ ਸਨਮਾਨ ਕਰੋ।
- ਡਰਾਇੰਗ ਜਾਂ ਹੋਰ ਗਤੀਵਿਧੀਆਂ ਰਾਹੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਵਿੱਚ ਉਹਨਾਂ ਦੀ ਮਦਦ ਕਰੋ।
- ਉਹਨਾਂ ਨੂੰ ਅਰਾਮਦਾਇਕ ਮਾਹੌਲ ਪ੍ਰਦਾਨ ਕਰੋ ਅਤੇ ਸਬਰ ਨਾਲ ਕੰਮ ਲਓ।