ਕੋਵਿਡ-19 ਟੀਕਾ

Centers for Disease Control and Prevention(CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਸਿਫਾਰਸ਼ ਕਰਦਾ ਹੈ (ਸਿਰਫ਼ ਅੰਗਰੇਜ਼ੀ) ਕਿ 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ 2024-2025 ਦੀ ਅੱਪਡੇਟ ਕੀਤੀ COVID-19 ਵੈਕਸੀਨ ਪ੍ਰਾਪਤ ਕਰਨੀ ਚਾਹੀਦੀ ਹੈ। 

2ਜਿਹਨਾਂ ਲੋਕਾਂ ਨੇ ਅਜੇ ਤੱਕ ਵੈਕਸੀਨ ਨਹੀਂ ਲਗਵਾਈ ਹੈ ਜਾਂ ਜਿਹਨਾਂ ਨੇ CDC ਦੁਆਰਾ ਸਿਫਾਰਸ਼ ਕੀਤੀਆਂ ਖੁਰਾਕਾਂ ਪ੍ਰਾਪਤ ਨਹੀਂ ਕੀਤੀਆਂ ਹਨ, ਉਹਨਾਂ ਦੀ ਤੁਲਨਾ ਵਿੱਚ ਵੈਕਸੀਨਾਂ ਨਾਲ ਅੱਪ-ਟੂ-ਡੇਟ ਰਹਿਣ ਵਾਲੇ ਲੋਕਾਂ ਨੂੰ COVID-19 ਦੇ ਕਾਰਨ ਗੰਭੀਰ ਬਿਮਾਰੀ ਹੋਣ, ਹਸਪਤਾਲ ਵਿੱਚ ਭਰਤੀ ਹੋਣ ਅਤੇ ਉਹਨਾਂ ਦੀ ਮੌਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। 

5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਜ਼ਿਆਦਾਤਰ ਲੋਕਾਂ ਨੂੰ ਅੱਪ-ਟੂ-ਡੇਟ ਰਹਿਣ ਲਈ 2024-2025 ਦੀ ਅੱਪਡੇਟ ਕੀਤੀ ਹੋਈ ਸਿਰਫ਼ ਇੱਕ ਖੁਰਾਕ ਦੀ ਲੋੜ ਪੈਂਦੀ ਹੈ। 
2 ਕਿਸਮ ਦੀਆਂ COVID-19 ਵੈਕਸੀਨਾਂ ਉਪਲਬਧ ਹਨ:

  • mRNA ਵੈਕਸੀਨਾਂ
    • Moderna 2024-2025 COVID-19 ਵੈਕਸੀਨ - 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ
    • Pfizer 2024-2025 COVID-19 ਵੈਕਸੀਨ - 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ
  • ਪ੍ਰੋਟੀਨ ਸਬਯੂਨਿਟ ਵੈਕਸੀਨ
    • Novavax 2024-2025 COVID-19 ਵੈਕਸੀਨ - 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹੈ

ਜਦੋਂ ਸਿਫਾਰਸ਼ ਕੀਤੀਆਂ ਅਤੇ ਉਮਰ-ਮੁਤਾਬਕ ਢੁਕਵੀਂਆਂ ਇੱਕ ਤੋਂ ਵੱਧ ਵੈਕਸੀਨਾਂ ਉਪਲਬਧ ਹੁੰਦੀਆਂ ਹਨ ਤਾਂ ਕਿਸੀ ਇੱਕ COVID-19 ਵੈਕਸੀਨ ਦੀ ਥਾਂ ਕਿਸੀ ਖਾਸ ਵੈਕਸੀਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ COVID-19 ਵੈਕਸੀਨ ਦੀਆਂ ਸਿਫਾਰਸ਼ਾਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਕੁਝ ਸਰੋਤਾਂ ਨੂੰ ਦੇਖੋ:

ਵਾਸ਼ਿੰਗਟਨ ਰਾਜ ਦਾ Department of Health (ਸਿਹਤ ਵਿਭਾਗ) ਵਰਤਮਾਨ ਵਿੱਚ ਸਭ ਤੋਂ ਤਾਜ਼ਾ CDC ਹਿਦਾਇਤਾਂ ਦੇ ਅਨੁਸਾਰ ਵੈੱਬਪੇਜਾਂ ਅਤੇ ਦਸਤਾਵੇਜ਼ਾਂ ਨੂੰ ਅੱਪਡੇਟ ਕਰ ਰਿਹਾ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਮੈਨੂੰ ਕੋਵਿਡ-19 ਦਾ ਟੀਕਾ ਕਿਉਂ ਲੈਣਾ ਚਾਹੀਦਾ ਹੈ?

ਕੋਵਿਡ-19 ਟੀਕੇ ਤੁਹਾਨੂੰ ਕਈ ਤਰੀਕਿਆਂ ਨਾਲ ਬਚਾ ਸਕਦੇ ਹਨ:

  • ਜੇ ਤੁਹਾਨੂੰ ਕੋਵਿਡ-19 ਹੁੰਦਾ ਹੈ ਤਾਂ ਉਹ ਤੁਹਾਡੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਨੂੰ ਬਹੁਤ ਘੱਟ ਕਰਦੇ ਦਿੰਦੇ ਹਨ
  • ਮੁਕੰਮਲ ਟੀਕਾਕਰਣ ਤੁਹਾਡੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਨੂੰ ਘੱਟ ਕਰ ਦਿੰਦਾ ਹੈ ਅਤੇ ਕੋਵਿਡ-19 ਨਾਲ ਤੁਹਾਡੀ ਮੌਤ ਹੋਣ ਦੇ ਜੋਖਮ ਨੂੰ ਘੱਟ ਕਰ ਦਿੰਦਾ ਹੈ।
  • COVID-19 ਦੀਆਂ ਵੈਕਸੀਨਾਂ ਨਾਲ ਅੱਪ-ਟੂ-ਡੇਟ ਰਹਿ ਕੇ ਤੁਸੀਂ ਲੌਂਗ COVID (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼) ਦੇ ਲੱਛਣ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਨੂੰ ਘਟਾ ਸਕਦੇ ਹੋ।
  • ਟੀਕਾਕਰਣ ਹੋਣ ਨਾਲ ਭਾਈਚਾਰੇ ਦੇ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਹੈ ਜੋ ਸੁਰੱਖਿਅਤ ਹਨ, ਜਿਸ ਨਾਲ ਬਿਮਾਰੀ ਨੂੰ ਫੈਲਣਾ ਮੁਸ਼ਕਲ ਹੋ ਜਾਂਦਾ ਹੈ
  • ਲੋਕਾਂ ਨੂੰ ਵਾਇਰਸ ਦੂਜਿਆਂ ਤੱਕ ਫੈਲਾਉਣ ਤੋਂ ਰੋਕਣ ਲਈ ਮਾਹਰ ਟੀਕੇ ਦੀ ਯੋਗਤਾ ਦਾ ਅਧਿਐਨ ਕਰਨਾ ਜਾਰੀ ਰੱਖਦੇ ਹਨ। 

ਜਿਨ੍ਹਾਂ ਲੋਕਾਂ ਦਾ ਟੀਕਾਕਰਣ ਨਹੀਂ ਹੁੰਦਾ ਹੈ ਉਹ ਅਜੇ ਵੀ ਵਾਇਰਸ ਨੂੰ ਫੜ ਸਕਦੇ ਹਨ ਅਤੇ ਇਸਨੂੰ ਦੂਜਿਆਂ ਵਿੱਚ ਫੈਲਾ ਸਕਦੇ ਹਨ। ਕੁਝ ਲੋਕ ਡਾਕਟਰੀ ਕਾਰਨਾਂ ਕਰਕੇ ਟੀਕਾ ਨਹੀਂ ਲਗਵਾ ਸਕਦੇ, ਅਤੇ ਇਸ ਨਾਲ ਉਹ ਖਾਸ ਕਰਕੇ ਕੋਵਿਡ -19 ਲਈ ਕਮਜ਼ੋਰ ਹੋ ਜਾਂਦੇ ਹਨ। ਜੇ ਤੁਹਾਡਾ ਟੀਕਾਕਰਣ ਨਹੀਂ ਹੋਇਆ ਹੈ, ਤਾਂ ਤੁਹਾਨੂੰ ਕੋਵਿਡ -19 ਦੇ ਨਵੇਂ ਰੂਪ ਤੋਂ ਹਸਪਤਾਲ ਵਿੱਚ ਦਾਖਲ ਹੋਣ ਜਾਂ ਮੌਤ ਹੋਣ ਦਾ ਵਧੇਰੇ ਖਤਰਾ ਹੈ।ਟੀਕਾਕਰਣ ਤੁਹਾਡੀ ਅਤੇ ਤੁਹਾਡੇ ਪਰਿਵਾਰ, ਗੁਆਂਢੀਆਂ ਅਤੇ ਭਾਈਚਾਰੇ ਦੀ ਸੁਰੱਖਿਆ ਵਿੱਚ ਮਦਦ ਕਰਦਾ ਹੈ।

ਮੈਨੂੰ ਵੈਕਸੀਨ ਕਿੱਥੋਂ ਮਿਲੇਗੀ? 

ਵੈਕਸੀਨ ਲੋਕੇਟਰ ਜਾਂ Vaccines.gov (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼) 'ਤੇ ਜਾ ਕੇ ਵੈਕਸੀਨ ਲਗਵਾਉਣ ਦਾ ਟਿਕਾਣਾ ਲੱਭੋ।

ਕੀ COVID-19 ਵੈਕਸੀਨਾਂ ਦਾ ਕੋਈ ਖਰਚਾ ਹੁੰਦਾ ਹੈ?

ਹੋਰ ਵੈਕਸੀਨਾਂ ਦੀ ਤਰ੍ਹਾਂ, COVID-19 ਦੀਆਂ ਵੈਕਸੀਨਾਂ ਨੂੰ ਜ਼ਿਆਦਾਤਰ ਬੀਮਾ ਪਲਾਨਾਂ ਦੇ ਅਧੀਨ ਕਵਰ ਕੀਤਾ ਜਾਂਦਾ ਹੈ। COVID-19 ਦੀਆਂ ਵੈਕਸੀਨਾਂ ਵਾਸ਼ਿੰਗਟਨ ਰਾਜ ਦੇ ਸਾਰੇ ਬੱਚਿਆਂ ਲਈ, ਉਹਨਾਂ ਦੇ 19ਵੇਂ ਜਨਮ ਦਿਨ ਤੱਕ Childhood Vaccine Program (ਚਾਈਲਡਹੁੱਡ ਵੈਕਸੀਨ ਪ੍ਰੋਗਰਾਮ) (ਸਿਰਫ਼ ਅੰਗਰੇਜ਼ੀ) ਦੇ ਤਹਿਤ ਬਿਨਾਂ ਕਿਸੇ ਲਾਗਤ ਦੇ ਉਪਲਬਧ ਰਹਿਣਗੀਆਂ। ਬਾਲਗਾਂ ਲਈ ਵੀ ਅਜਿਹੇ ਪ੍ਰੋਗਰਾਮ ਉਪਲਬਧ ਹਨ ਜੋ ਵੈਕਸੀਨ ਪ੍ਰਾਪਤ ਕਰਨ ਦੇ ਖਰਚਿਆਂ ਨੂੰ ਕਵਰ ਕਰਨ ਵਿੱਚ ਮਦਦ ਕਰ ਸਕਦੇ ਹਨ ਜੇਕਰ ਉਹਨਾਂ ਕੋਲ ਸਿਹਤ ਬੀਮਾ ਨਹੀਂ ਹੈ ਜਾਂ ਉਹਨਾਂ ਦੇ ਪਲਾਨ ਵਿੱਚ ਵੈਕਸੀਨ ਨੂੰ ਕਵਰ ਨਹੀਂ ਕੀਤਾ ਜਾਂਦਾ ਹੈ। ਜੇਕਰ ਤੁਹਾਡੀ ਉਮਰ 19 ਸਾਲ ਤੋਂ ਵੱਧ ਹੈ ਅਤੇ ਤੁਹਾਡੇ ਕੋਲ ਸਿਹਤ ਬੀਮਾ ਨਹੀਂ ਹੈ ਜਾਂ ਤੁਹਾਡਾ ਬੀਮਾ ਘੱਟ ਹੈ, ਤਾਂ ਤੁਸੀਂ Washington State Adult Vaccine Program (AVP, ਵਾਸ਼ਿੰਗਟਨ ਰਾਜ ਅਡਲਟ ਵੈਕਸੀਨ ਪ੍ਰੋਗਰਾਮ) (ਸਿਰਫ਼ ਅੰਗਰੇਜ਼ੀ) ਨਾਲ ਜੁੜੇ ਪ੍ਰੋਵਾਈਡਰ ਰਾਹੀਂ ਘੱਟ ਕੀਮਤ 'ਤੇ 2024-2025 COVID-19 ਵੈਕਸੀਨ ਪ੍ਰਾਪਤ ਕਰਨ ਲਈ ਯੋਗ ਹੋ। ਤੁਹਾਡਾ AVP ਪ੍ਰਦਾਤਾ ਵੈਕਸੀਨ ਲਗਾਉਣ ਲਈ ਇੰਤਜ਼ਾਮੀਆ ਫੀਸ ਲੈ ਸਕਦਾ ਹੈ, ਪਰ ਜੇਕਰ ਤੁਸੀਂ ਭੁਗਤਾਨ ਨਹੀਂ ਕਰ ਸਕਦੇ ਹੋ ਤਾਂ ਤੁਸੀਂ ਇਸ ਫੀਸ ਨੂੰ ਮੁਆਫ਼ ਕਰਨ ਦੀ ਬੇਨਤੀ ਕਰ ਸਕਦੇ ਹੋ। ਜੇਕਰ ਤੁਸੀਂ ਭੁਗਤਾਨ ਨਹੀਂ ਕਰ ਸਕਦੇ ਹੋ ਤਾਂ ਵੀ ਤੁਹਾਨੂੰ AVP ਪ੍ਰਦਾਤਾ ਕੋਲੋਂ COVID-19 ਵੈਕਸੀਨ ਪ੍ਰਾਪਤ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਤੁਸੀਂ AVP ਪ੍ਰੋਵਾਈਡਰ ਮੈਪ (ਸਿਰਫ਼ ਅੰਗਰੇਜ਼ੀ) ਦੀ ਵਰਤੋਂ ਕਰਕੇ ਪ੍ਰੋਗਰਾਮ ਨਾਲ ਜੁੜੇ ਪ੍ਰੋਵਾਈਡਰਾਂ ਨੂੰ ਲੱਭ ਸਕਦੇ ਹੋ। ਤੁਸੀਂ ਵੈਕਸੀਨ ਦੀ ਉਪਲਬਧਤਾ ਅਤੇ ਲਗਵਾਉਣ ਦਾ ਸਮਾਂ ਤੈਅ ਕਰਨ ਬਾਰੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਮੌਜੂਦ AVP ਪ੍ਰਦਾਤਾ ਨੂੰ ਕਾਲ ਕਰ ਸਕਦੇ ਹੋ।

COVID-19 ਵੈਕਸੀਨ ਦੀ ਵਾਧੂ ਖੁਰਾਕ ਕਿਸ ਨੂੰ ਪ੍ਰਾਪਤ ਕਰਨੀ ਚਾਹੀਦੀ ਹੈ? 
  • Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਅੱਪਡੇਟ ਕੀਤੀ 2024-2025 COVID-19 ਵੈਕਸੀਨ ਦੀ ਘੱਟੋ-ਘੱਟ 1 ਖੁਰਾਕ ਪ੍ਰਾਪਤ ਕਰਨ ਦੀ ਸਿਫ਼ਾਰਸ਼ ਕਰਦਾ ਹੈ। 
  • ਜਿਹਨਾਂ ਲੋਕਾਂ ਦੀ ਇਮਿਊਨੀਟੀ ਬਹੁਤ ਹੀ ਕਮਜ਼ੋਰ ਹੈ, ਉਹ ਵਾਧੂ ਖੁਰਾਕਾਂ ਪ੍ਰਾਪਤ ਕਰਨ ਲਈ ਯੋਗ ਹੋ ਸਕਦੇ ਹਨ। ਕਿਰਪਾ ਕਰਕੇ CDC ਦੀਆਂ ਹਿਦਾਇਤਾਂ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼) ਨੂੰ ਪੜ੍ਹੋ।
ਮੈਨੂੰ COVID-19 ਵੈਕਸੀਨੇਸ਼ਨ ਨਾਲ ਅਪ-ਟੂ-ਡੇਟ ਕਦੋਂ ਮੰਨਿਆ ਜਾਂਦਾ ਹੈ? 

ਜੇਕਰ ਤੁਸੀਂ CDC ਦੁਆਰਾ ਤੁਹਾਡੇ ਲਈ ਸਿਫ਼ਾਰਸ਼ ਕੀਤੀ ਗਈ ਸਭ ਤੋਂ ਤਾਜ਼ਾ ਖੁਰਾਕ ਪ੍ਰਾਪਤ ਕਰ ਲਈ ਹੈ, ਤਾਂ ਤੁਹਾਨੂੰ ਆਪਣੀ COVID-19 ਵੈਕਸੀਨੇਸ਼ਨ ਨਾਲ ਅਪ ਟੂ ਡੇਟ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼) ਮੰਨਿਆ ਜਾਂਦਾ ਹੈ।

ਜੇ ਮੈਂ ਕੋਵਿਡ-19 ਟੀਕਾ ਲਗਵਾਉਣ ਤੋਂ ਬਾਅਦ ਬਿਮਾਰ ਹੋ ਜਾਵਾਂ ਤਾਂ ਕੀ ਹੁੰਦਾ ਹੈ?

ਹੋਰ ਰੁਟੀਨ ਟੀਕਿਆਂ ਦੀ ਤਰ੍ਹਾਂ, ਕੋਵਿਡ -19 ਟੀਕਾਕਰਣ ਨਾਲ ਆਮ ਤੌਰ ਤੇ ਮਾੜੇ ਪ੍ਰਭਾਵ ਹੁੰਦੇ ਹਨ, ਜਿਵੇਂ ਕਿ ਟੀਕਾ ਲਗਵਾਉਣ ਤੋਂ ਬਾਅਦ ਦੁੱਖਦੀ ਬਾਂਹ, ਬੁਖਾਰ, ਸਿਰ ਦਰਦ ਜਾਂ ਥਕਾਵਟ। ਇਹ ਸੰਕੇਤ ਹਨ ਕਿ ਟੀਕਾ ਕੰਮ ਕਰ ਰਿਹਾ ਹੈ। ਕੋਵਿਡ-19 ਵੈਕਸੀਨ ਲੈਣ ਤੋਂ ਬਾਅਦ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਹੋਰ ਜਾਣੋ। 

ਜੇ ਤੁਸੀਂ ਟੀਕਾ ਲਗਵਾਉਣ ਤੋਂ ਬਾਅਦ ਬਿਮਾਰ ਹੋ ਜਾਂਦੇ ਹੋ, ਤਾਂ ਤੁਹਾਨੂ Vaccine Adverse Event Reporting System (VAERS, ਵੈਕਸੀਨ ਐਡਵਰਸ ਇਵੈਂਟ ਰਿਪੋਰਟਿੰਗ ਸਿਸਟਮ) (ਵੀਏਆਰਐਸ)’ਤੇ ਪ੍ਰਤਿਕੂਲ ਇਵੈਂਟ ਦੀ ਰਿਪੋਰਟ ਕਰਨੀ ਚਾਹੀਦੀ ਹੈ। ਇੱਕ "ਪ੍ਰਤਿਕੂਲ ਇਵੈਂਟ" ਕੋਈ ਵੀ ਸਿਹਤ ਸਮੱਸਿਆ ਜਾਂ ਮਾੜਾ ਪ੍ਰਭਾਵ ਹੈ ਜੋ ਟੀਕਾਕਰਣ ਤੋਂ ਬਾਅਦ ਵਾਪਰਦਾ ਹੈ। Vaccine Adverse Event Reporting System (VAERS, ਵੈਕਸੀਨ ਅਡਵਰਸ ਇਵੈਂਟ ਰਿਪੋਰਟਿੰਗ ਸਿਸਟਮ) ਅਤੇ ਵੈਕਸੀਨ ਸੁਰੱਖਿਆ ਬਾਰੇ ਹੋਰ ਜਾਣਕਾਰੀ ਦੇ ਲਈ, Department of Health (DOH, ਸਿਹਤ ਵਿਭਾਗ) ਦੇ ਵੈਕਸੀਨ ਸੁਰੱਖਿਆ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼) ਵੈੱਬਪੇਜ 'ਤੇ ਜਾਓ।

ਜਦੋਂ ਮੈਂ ਨਿਯਮਤ ਟੀਕੇ ਲਗਵਾਉਂਦਾ ਹਾਂ ਤਾਂ ਕੀ ਮੈਂ ਕੋਵਿਡ -19 ਦਾ ਟੀਕਾ ਲਗਵਾ ਸਕਦਾ ਹਾਂ?

ਹਾਂ। Advisory Committee on Immunization Practices (ACIP, ਟੀਕਾਕਰਣ ਅਭਿਆਸਾਂ ਬਾਰੇ ਸਲਾਹਕਾਰ ਕਮੇਟੀ) ਨੇ 12 ਮਈ, 2021 ਨੂੰ ਆਪਣੀਆਂ ਸਿਫਾਰਸ਼ਾਂ ਨੂੰ ਬਦਲ ਦਿੱਤਾ। ਤੁਸੀਂ ਹੁਣ ਉਸੇ ਸਮੇਂ ਇੱਕ ਕੋਵਿਡ-19 ਟੀਕਾ ਪ੍ਰਾਪਤ ਕਰ ਸਕਦੇ ਹੋ ਜਦੋਂ ਤੁਸੀਂ ਹੋਰ ਟੀਕੇ ਪ੍ਰਾਪਤ ਕਰਦੇ ਹੋ।

ਤੁਹਾਨੂੰ ਆਪਣੇ ਬੱਚੇ ਦੇ ਲੋੜੀਂਦੇ ਸਕੂਲ ਟੀਕੇ (ਸਿਰਫ ਅੰਗਰੇਜ਼ੀ ਵਿੱਚ) ਜਾਂ ਹੋਰ ਸਿਫਾਰਸ਼ ਕੀਤੇ ਟੀਕੇ ਕੋਵਿਡ-19 ਦੇ ਟੀਕੇ ਤੋਂ ਵੱਖ ਕਰਨ ਦੀ ਲੋੜ ਨਹੀਂ ਹੈ। ਇੱਕ ਕੋਵਿਡ-19 ਟੀਕੇ ਦੀ ਮੁਲਾਕਾਤ ਤੁਹਾਡੇ ਬੱਚੇ ਨੂੰ ਉਨ੍ਹਾਂ ਦੇ ਸਿਫਾਰਸ਼ ਕੀਤੇ ਸਾਰੇ ਟੀਕਿਆਂ ਤੋਂ ਰੋਕਣ ਦਾ ਇੱਕ ਹੋਰ ਮੌਕਾ ਹੈ।

ਜੇ ਮੈਂ ਗਰਭਵਤੀ, ਦੁੱਧ ਚੁੰਘਾਉਣ ਵਾਲੀ, ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੀ ਹਾਂ ਤਾਂ ਕੀ ਮੈਂ COVID-19 ਦਾ ਟੀਕਾ ਲਗਵਾ ਸਕਦੀ ਹਾਂ?

ਹਾਂ, ਡਾਟਾ ਦਰਸਾਉਂਦੇ ਹਨ ਕਿ ਗਰਭ ਅਵਸਥਾ ਦੇ ਦੌਰਾਨ ਕੋਵਿਡ-19 ਟੀਕੇ ਸੁਰੱਖਿਅਤ ਹਨ। Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) (ਸਿਰਫ ਅੰਗਰੇਜ਼ੀ ਵਿੱਚ), American College of Obstetricians and Gynecologists (ACOG, ਅਮਰੀਕਨ ਕਾਲਜ ਆਫ਼ ਆਬਸਟਟ੍ਰੀਸ਼ ਐਂਡ ਗਾਇਨੀਕੋਲੋਜਿਸਟਸ), ਅਤੇ Society for Maternal-Fetal Medicine (SMFM, ਸੁਸਾਇਟੀ ਫਾਰ ਮੈਟਰਨਲ-ਫੀਟਲ ਮੈਡੀਸਨ) (ਸਿਰਫ ਅੰਗਰੇਜ਼ੀ ਵਿੱਚ) ਗਰਭਵਤੀ, ਦੁੱਧ ਚੁੰਘਾਉਣ ਵਾਲੇ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਲਈ ਕੋਵਿਡ-19 ਟੀਕੇ ਦੀ ਸਿਫਾਰਸ਼ ਕਰਦੇ ਹਨ। ਕੁਝ ਅਧਿਐਨ ਦਰਸਾਉਂਦੇ ਹਨ ਕਿ ਜੇ ਤੁਹਾਡਾ ਟੀਕਾਕਰਣ ਹੋ ਗਿਆ ਹੈ, ਤਾਂ ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੁਆਰਾ ਤੁਹਾਡੇ ਬੱਚੇ ਨੂੰ ਕੋਵਿਡ -19 ਦੇ ਵਿਰੁੱਧ ਐਂਟੀਬਾਡੀਜ਼ ਵੀ ਮਿਲ ਸਕਦੀਆਂ ਹਨ। ਬਿਨਾਂ-ਟੀਕਾਕਰਣ ਗਰਭਵਤੀ ਲੋਕ ਜਿਨ੍ਹਾਂ ਨੂੰ ਕੋਵਿਡ -19 ਹੁੰਦਾ ਹੈ, ਨੂੰ ਗੰਭੀਰ ਪੇਚੀਦਗੀਆਂ ਜਿਵੇਂ ਕਿ ਸਮਾਂ ਤੋਂ ਪਹਿਲਾਂ ਜਨਮ ਜਾਂ ਮੁਰਦਾ ਜਨਮ ਦੇ ਵਧੇ ਹੋਏ ਜੋਖਮ ਤੇ ਹੁੰਦੇ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਕੋਵਿਡ -19 ਹੋ ਜਾਂਦੀ ਹੈ ਉਨ੍ਹਾਂ ਨੂੰ ਉੱਨਤ ਜੀਵਨ ਸਹਾਇਤਾ ਅਤੇ ਸਾਹ ਲੈਣ ਵਾਲੀ ਟਿਯੂਬ ਦੀ ਲੋੜ ਦੀ ਸੰਭਾਵਨਾ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੁੰਦੀ ਹੈ।

ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੌਰਾਨ ਕੋਵਿਡ-19 ਵੈਕਸੀਨ ਲੈਣ ਬਾਰੇ ਹੋਰ ਸਰੋਤਾਂ ਲਈ, ਕਿਰਪਾ ਕਰਕੇ One Vax, Two Lives ਦੀ ਵੈੱਬਸਾਈਟ 'ਤੇ ਨਵੀਨਤਮ ਜਾਣਕਾਰੀ ਦੇਖੋ। 

ਕੀ 18 ਸਾਲ ਤੋਂ ਘੱਟ ਉਮਰ ਦੇ ਲੋਕ ਟੀਕਾ ਲਗਵਾ ਸਕਦੇ ਹਨ?

ਇਸ ਸਮੇਂ, Pfizer-BioNTech (Pfizer) ਵੈਕਸੀਨ ਅਤੇ Moderna COVID-19 ਵੈਕਸੀਨ ਬ੍ਰਾਂਡ, 6 ਮਹੀਨੇ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਅਧਿਕਾਰਤ ਹਨ। Novavax ਵੈਕਸੀਨ, Emergency Use Authorization (EUA, ਐਮਰਜੈਂਸੀ ਵਰਤੋਂ ਅਧਿਕਾਰ) ਦੇ ਤਹਿਤ 12+ ਉਮਰ ਦੇ ਲੋਕਾਂ ਲਈ ਉਪਲਬਧ ਹੈ।

17 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ, ਕਾਨੂੰਨੀ ਤੌਰ 'ਤੇ ਸੁਤੰਤਰ ਹੋਣ ਤੱਕ, ਟੀਕਾ ਲਗਵਾਉਣ ਲਈ, ਮਾਤਾ-ਪਿਤਾ ਜਾਂ ਸਰਪ੍ਰਸਤ ਤੋਂ ਸਹਿਮਤੀ ਦੀ ਲੋੜ ਹੋ ਸਕਦੀ ਹੈ (ਸਿਰਫ਼ ਅੰਗਰੇਜ਼ੀ) 

ਮਾਪਿਆਂ ਦੀ ਸਹਿਮਤੀ ਜਾਂ ਕਾਨੂੰਨੀ ਮੁਕਤੀ ਦਾ ਸਬੂਤ ਦਿਖਾਉਣ ਲਈ ਉਨ੍ਹਾਂ ਦੀਆਂ ਲੋੜਾਂ ਬਾਰੇ ਟੀਕਾ ਕਲੀਨਿਕ ਨਾਲ ਸੰਪਰਕ ਕਰੋ।

ਮੈਨੂੰ ਮੇਰੇ ਬੱਚੇ ਨੂੰ ਕੋਵਿਡ-19 ਹੋਣ ਬਾਰੇ ਚਿੰਤਾ ਕਿਉਂ ਹੋਣੀ ਚਾਹੀਦੀ ਹੈ?

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਸੰਯੁਕਤ ਰਾਜ ਵਿੱਚ 1 ਕਰੋੜ 50 ਲੱਖ ਤੋਂ ਵੱਧ ਬੱਚਿਆਂ ਨੂੰ ਕੋਵਿਡ-19 ਹੋ ਚੁੱਕਿਆ ਹੈ। COVID-19 ਦੇ ਨਵੇਂ ਵੇਰੀਐਂਟ ਫ਼ਿਲਹਾਲ ਅਮਰੀਕਾ ਵਿੱਚ ਸਭ ਤੋਂ ਵੱਧ ਸੰਕਰਮਣ ਫੈਲਾਉਣ ਅਤੇ ਲੋਕਾਂ ਦੇ ਹਸਪਤਾਲਾਂ ਵਿੱਚ ਭਰਤੀ ਹੋਣ ਦਾ ਕਾਰਨ ਬਣ ਰਹੇ ਹਨ। 

ਹਾਲਾਂਕਿ ਕੋਵਿਡ-19 ਅਕਸਰ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਧੀਮਾ ਹੁੰਦਾ ਹੈ, ਫੇਰ ਵੀ ਬੱਚੇ ਬਹੁਤ ਬਿਮਾਰ ਹੋ ਸਕਦੇ ਹਨ ਅਤੇ ਇਸਨੂੰ ਆਪਣੇ ਉਨ੍ਹਾਂ ਦੋਸਤਾਂ ਅਤੇ ਪਰਿਵਾਰ ਵਿੱਚ ਫੈਲਾ ਸਕਦੇ ਹਨ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਜਾਂ ਹੋਰ ਤਰੀਕਿਆਂ ਨਾਲ ਕਮਜ਼ੋਰ ਹੁੰਦੇ ਹਨ। ਸੰਯੁਕਤ ਰਾਜ ਵਿੱਚ ਰਿਪੋਰਟ ਕੀਤੀਆਂ COVID-19 ਕਾਰਨ ਹੋਈਆਂ ਬੱਚਿਆਂ ਦੀਆਂ ਮੌਤਾਂ ਵਿੱਚੋਂ ਅੱਧੇ ਬੱਚੇ ਅਜਿਹੇ ਸਨ ਜਿਹਨਾਂ ਨੂੰ ਪਹਿਲਾਂ ਸਿਹਤ ਸੰਬੰਧੀ ਕੋਈ ਸ਼ਿਕਾਇਤ ਨਹੀਂ ਸੀ।

ਜਿਹੜੇ ਬੱਚੇ ਕੋਵਿਡ-19 ਨਾਲ ਸੰਕਰਮਿਤ ਹੁੰਦੇ ਹਨ, ਉਨ੍ਹਾਂ ਵਿੱਚ “ਲੰਬੇ ਸਮੇਂ ਤਕ ਕੋਵਿਡ-19” ਜਾਂ ਲਗਾਤਾਰ ਲੱਛਣ ਵਿਕਸਤ ਹੋ ਸਕਦੇ ਹਨ ਜਿਨ੍ਹਾਂ ਵਿੱਚ ਅਕਸਰ ਦਿਮਾਗੀ ਉਲਝਣ, ਥਕਾਵਟ, ਸਿਰ ਦਰਦ, ਚੱਕਰ ਆਉਣੇ ਅਤੇ ਸਾਹ ਚੜ੍ਹਨਾ ਸ਼ਾਮਲ ਹੁੰਦਾ ਹੈ। ਟੀਕਾਕਰਣ ਬੱਚਿਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਜਿਹੜੇ ਬੱਚੇ ਕੋਵਿਡ-19 ਨਾਲ ਸੰਕਰਮਿਤ ਹੁੰਦੇ ਹਨ, ਉਹਨਾਂ ਨੂੰ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) (ਸਿਰਫ਼ ਅੰਗਰੇਜ਼ੀ) ਲਈ ਵਧੇਰੇ ਜੋਖਮ ਹੋ ਸਕਦਾ ਹੈ। ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਸੋਜ ਹੋ ਸਕਦੀ ਹੈ, ਜਿਸ ਵਿੱਚ ਦਿਲ, ਫੇਫੜੇ, ਗੁਰਦੇ, ਦਿਮਾਗ, ਚਮੜੀ, ਅੱਖਾਂ, ਜਾਂ ਗੈਸਟਰੋਇੰਟੇਸਟਾਈਨਲ ਅੰਗ ਸ਼ਾਮਲ ਹਨ। ਹਾਲਾਂਕਿ ਇਸ ਬਾਰੇ ਅਜੇ ਵੀ ਜਾਣਕਾਰੀ ਨਹੀਂ ਹੈ ਕਿ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਦਾ ਕਾਰਨ ਕੀ ਹੈ, MIS-C ਵਾਲੇ ਬਹੁਤ ਸਾਰੇ ਬੱਚਿਆਂ ਨੂੰ ਕੋਵਿਡ-19 ਸੀ, ਜਾਂ ਉਹ ਕੋਵਿਡ-19 ਵਾਲੇ ਕਿਸੇ ਵਿਅਕਤੀ ਦੇ ਨੇੜੇ-ਤੇੜੇ ਸਨ। ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਗੰਭੀਰ, ਇੱਥੋਂ ਤੱਕ ਕਿ ਘਾਤਕ ਵੀ ਹੋ ਸਕਦਾ ਹੈ, ਪਰ ਇਸ ਸਥਿਤੀ ਤੋਂ ਪੀੜਤ ਜ਼ਿਆਦਾਤਰ ਬੱਚੇ ਡਾਕਟਰੀ ਦੇਖਭਾਲ ਨਾਲ ਬਿਹਤਰ ਹੋ ਗਏ ਹਨ।

ਸਾਨੂੰ ਕਿਵੇਂ ਪਤਾ ਲੱਗੇਗਾ ਕਿ ਵੈਕਸੀਨਾਂ ਬੱਚਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਹਨ?

ਇਹ ਯਕੀਨੀ ਬਣਾਉਣ ਲਈ ਕਿ COVID-19 ਵੈਕਸੀਨਾਂ ਸੁਰੱਖਿਅਤ ਹਨ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਵੈਕਸੀਨ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਦੇਸ਼ ਦੀ ਸਮਰੱਥਾ ਦਾ ਵਿਸਤਾਰ ਕਰਕੇ ਉਸਨੂੰ ਮਜ਼ਬੂਤ ਬਣਾਇਆ ਹੈ। ਨਤੀਜੇ ਵਜੋਂ, ਵੈਕਸੀਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਮਾਹਰ ਉਹਨਾਂ ਸਮੱਸਿਆਵਾਂ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਸਮੱਸਿਆਵਾਂ ਦਾ ਪਤਾ ਲਗਾ ਸਕਦੇ ਹਨ ਜੋ ਸ਼ਾਇਦ COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੌਰਾਨ ਸਾਹਮਣੇ ਨਹੀਂ ਆਈਆਂ ਸਨ ।

ਖਾਸ ਸਮੂਹਾਂ ਲਈ ਕੋਵਿਡ-19 ਸਰੋਤ

ਬੱਚੇ ਅਤੇ ਨੌਜਵਾਨ 

ਬੱਚੇ ਅਤੇ ਨੌਜਵਾਨ

ਛਾਤੀ ਦਾ ਦੁੱਧ ਚੁੰਘਾਉਣਾ ਅਤੇ/ਜਾਂ ਗਰਭਵਤੀ ਵਿਅਕਤੀ

ਪ੍ਰਵਾਸੀ ਅਤੇ ਸ਼ਰਨਾਰਥੀ

 ਟੀਕਾ ਇਕੁਇਟੀ ਅਤੇ ਸ਼ਮੂਲੀਅਤ ਪੰਨੇ’ਤੇ ਵਾਧੂ ਭਾਈਚਾਰਾ ਵਿਸ਼ੇਸ਼ ਸੰਸਾਧਨਾਂ ਨੂੰ ਲੱਭਿਆ ਜਾ ਸਕਦਾ ਹੈ (ਸਿਰਫ ਅੰਗਰੇਜ਼ੀ)

ਪ੍ਰਸ਼ਨ

ਮੇਰੇ ਪ੍ਰਸ਼ਨ ਦਾ ਜਵਾਬ ਇੱਥੇ ਨਹੀਂ ਦਿੱਤਾ ਗਿਆ ਸੀ। ਮੈਂ ਹੋਰ ਕਿਵੇਂ ਜਾਣ ਸਕਦਾ ਹਾਂ?

ਆਮ ਪ੍ਰਸ਼ਨ covid.vaccine@doh.wa.gov ਨੂੰ ਭੇਜੇ ਜਾ ਸਕਦੇ ਹਨ।