ਆਪਣੇ ਨੇੜੇ ਟੀਕਾਕਰਨ ਦੀਆਂ ਥਾਵਾਂ ਲੱਭੋ (ਸਿਰਫ਼ ਅੰਗਰੇਜ਼ੀ/ਸਪੈਨਿਸ਼ ਵਿੱਚ)
ਕਿਸੇ ਖਾਸ ਵਿਸ਼ੇ 'ਤੇ ਜਾਣ ਲਈ ਹੇਠਾਂ ਦਿੱਤੇ ਲਿੰਕਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰੋ।
- ਖਸਰੇ ਬਾਰੇ ਸੰਖੇਪ ਜਾਣਕਾਰੀ
- ਕੰਨਪੇੜੇ ਬਾਰੇ ਸੰਖੇਪ ਜਾਣਕਾਰੀ
- ਰੂਬੇਲਾ ਬਾਰੇ ਸੰਖੇਪ ਜਾਣਕਾਰੀ
- MMR ਟੀਕਾ
- ਬੱਚਿਆਂ ਦਾ ਟੀਕਾਕਰਨ ਪ੍ਰੋਗਰਾਮ
- ਸਕੂਲਾਂ ਲਈ MMR ਟੀਕੇ ਦੀ ਲੋੜ
- ਟੀਕੇ ਬਾਰੇ ਜਾਣਕਾਰੀ ਦਾ ਵਰਨਣਅਤੇ ਸਰੋਤ
- ਆਮ ਲੋਕਾਂ, ਸਿਹਤ ਸੰਭਾਲ ਪ੍ਰਦਾਤਾਵਾਂ, ਸਥਾਨਕ ਸਿਹਤ ਵਿਭਾਗਾਂ, ਸਕੂਲਾਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਟਾਫ਼ ਲਈ ਵਾਧੂ ਸਰੋਤ
ਖਸਰੇ ਬਾਰੇ ਸੰਖੇਪ ਜਾਣਕਾਰੀ
ਖਸਰਾ ਕੀ ਹੈ?
ਖਸਰਾ ਬਹੁਤ ਹੀ ਛੂਤਕਾਰੀ ਬਿਮਾਰੀ ਹੈ ਜੋ ਖਸਰੇ ਦੇ ਵਾਇਰਸ ਕਾਰਨ ਹੁੰਦੀ ਹੈ। ਇਸਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਖੰਘ, ਅੱਖਾਂ ਵਿੱਚੋਂ ਪਾਣੀ ਆਉਣਾ ਅਤੇ ਪੂਰੇ ਸਰੀਰ 'ਤੇ ਦਾਣੇ ਹੋਣਾ ਸ਼ਾਮਲ ਹੈ। ਸੰਕਰਮਿਤ ਵਿਅਕਤੀ ਖੰਘਣ ਜਾਂ ਛਿੱਕਾਂ ਰਾਹੀਂ ਖਸਰਾ ਫੈਲਾਉਂਦੇ ਹਨ। ਖਸਰੇ ਦਾ ਵਾਇਰਸ ਕਿਸੇ ਸੰਕਰਮਿਤ ਵਿਅਕਤੀ ਦੇ ਜਾਣ ਤੋਂ ਬਾਅਦ ਵੀ 2 ਘੰਟਿਆਂ ਤੱਕ ਹਵਾ ਵਿੱਚ ਜਾਂ ਸਤਹਾਂ 'ਤੇ ਰਹਿ ਸਕਦਾ ਹੈ।
ਖਸਰੇ ਬਾਰੇ ਹੋਰ ਪੜ੍ਹੋ।
ਖਸਰੇ ਦੇ ਲੱਛਣ ਕੀ ਹਨ?
ਖਸਰੇ ਦੇ ਹੇਠ ਲਿਖੇ ਲੱਛਣ ਹੁੰਦੇ ਹਨ:
- ਤੇਜ਼ ਬੁਖਾਰ
- ਖੰਘ
- ਨੱਕ ਵਗਣਾ
- ਅੱਖਾਂ ਦਾ ਲਾਲ ਹੋਣਾ, ਅੱਖਾਂ ਵਿੱਚੋਂ ਪਾਣੀ ਆਉਣਾ
- ਦਾਣੇ
ਲੱਛਣ ਸ਼ੁਰੂ ਹੋਣ ਤੋਂ 3 ਤੋਂ 5 ਦਿਨਾਂ ਬਾਅਦ, ਚਿਹਰੇ 'ਤੇ ਦਾਣੇ ਨਿਕਲਣੇ ਸ਼ੁਰੂ ਹੁੰਦੇ ਹਨ ਅਤੇ ਪੂਰੇ ਸਰੀਰ 'ਤੇ ਫੈਲਦੇ ਹੋਏ ਹੇਠਾਂ ਪੈਰਾਂ ਤੱਕ ਪਹੁੰਚ ਜਾਂਦੇ ਹਨ। ਇਹ ਦਾਣੇ ਪੱਧਰੇ ਲਾਲ ਧੱਬਿਆਂ ਵਾਂਗ ਦਿਖਾਈ ਦਿੰਦੇ ਹਨ ਅਤੇ ਫੈਲਣ ਦੇ ਨਾਲ-ਨਾਲ ਆਪਸ ਵਿੱਚ ਜੁੜ ਸਕਦੇ ਹਨ।
ਕਿਸਨੂੰ ਜੋਖਮ ਹੈ?
ਨਿਆਣਿਆਂ ਅਤੇ ਛੋਟੇ ਬੱਚਿਆਂ ਨੂੰ ਖਸਰੇ ਕਾਰਨ ਗੰਭੀਰ ਸਮੱਸਿਆਵਾਂ ਹੋਣ ਦਾ ਜੋਖਮ ਜ਼ਿਆਦਾ ਹੁੰਦਾ ਹੈ।
ਖਸਰੇ ਦੇ ਫੈਲਾਅ ਨੂੰ ਰੋਕੋ
ਖਸਰਾ ਬਹੁਤ ਹੀ ਜ਼ਿਆਦਾ ਛੂਤਕਾਰੀ ਹੈ। ਖਸਰੇ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ measles, mumps, and rubella (MMR, ਖਸਰਾ, ਕੰਨਪੇੜੇ ਅਤੇ ਰੂਬੇਲਾ) ਦਾ ਟੀਕਾ ਹੈ। MMR ਦਾ ਟੀਕਾ ਖਸਰੇ ਦੀਆਂ ਸਾਰੀਆਂ ਕਿਸਮਾਂ ਦੇ ਖਿਲਾਫ ਲੰਬੇ ਸਮੇਂ ਤੱਕ ਚੱਲਣ ਵਾਲਾ ਬਚਾਅ ਪ੍ਰਦਾਨ ਕਰਦਾ ਹੈ।
ਕੰਨਪੇੜੇ ਬਾਰੇ ਸੰਖੇਪ ਜਾਣਕਾਰੀ
ਕੰਨਪੇੜਾ ਕੀ ਹੈ?
ਕੰਨਪੇੜਾ ਬਹੁਤ ਹੀ ਛੂਤਕਾਰੀ ਬਿਮਾਰੀ ਹੈ ਜੋ ਕੰਨਪੇੜੇ ਦੇ ਵਾਇਰਸ ਕਾਰਨ ਹੁੰਦੀ ਹੈ। ਲੱਛਣਾਂ ਵਿੱਚ ਗੱਲ੍ਹਾਂ ਦਾ ਸੁੱਜਣਾ, ਜਬਾੜੇ ਵਿੱਚ ਦਰਦ ਅਤੇ ਸੋਜ, ਬੁਖਾਰ, ਸਿਰ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਸ਼ਾਮਲ ਹਨ। ਇਹ ਬਿਮਾਰੀ ਥੁੱਕ ਜਾਂ ਸਾਹ ਦੀਆਂ ਬੂੰਦਾਂ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਸੰਕਰਮਿਤ ਵਿਅਕਤੀ ਇਸ ਵਾਇਰਸ ਨੂੰ ਇਸ ਤਰ੍ਹਾਂ ਫੈਲਾ ਸਕਦਾ ਹੈ:
- ਖੰਘਣਾ, ਛਿੱਕਣਾ ਜਾਂ ਗੱਲ ਕਰਨਾ।
- ਥੁੱਕ ਵਾਲੀਆਂ ਚੀਜ਼ਾਂ ਸਾਂਝੀਆਂ ਕਰਨਾ, ਜਿਵੇਂ ਕਿ ਪਾਣੀ ਦੀਆਂ ਬੋਤਲਾਂ ਜਾਂ ਕੱਪ।
- ਖੇਡਾਂ, ਨੱਚਣਾ ਜਾਂ ਚੁੰਮਣ ਵਰਗੀਆਂ ਨਜ਼ਦੀਕੀ ਸੰਪਰਕ ਵਾਲੀਆਂ ਗਤੀਵਿਧੀਆਂ।
ਕੰਨਪੇੜੇ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਬਾਰੇ ਹੋਰ ਪੜ੍ਹੋ (ਅੰਗਰੇਜ਼ੀ ਵਿੱਚ)।
ਕੰਨਪੇੜੇ ਦੇ ਲੱਛਣ ਕੀ ਹਨ?
ਕੰਨਪੇੜੇ ਦੇ ਕਾਰਨ ਕੰਨਾਂ ਦੇ ਹੇਠਾਂ ਲਾਰ ਗ੍ਰੰਥੀਆਂ ਵਿੱਚ ਸੋਜ (ਪੈਰੋਟਾਈਟਿਸ) ਆ ਜਾਂਦੀ ਹੈ, ਜਿਸ ਨਾਲ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ:
- ਗੱਲ੍ਹਾਂ ਦਾ ਸੁਜਣਾ ਅਤੇ ਜਬਾੜੇ ਵਿੱਚ ਦਰਦ ਅਤੇ ਸੋਜ
- ਬੁਖਾਰ
- ਸਿਰ ਦਰਦ
- ਮਾਸਪੇਸ਼ੀਆਂ ਵਿੱਚ ਦਰਦ
- ਥਕਾਵਟ
- ਭੁੱਖ ਨਾ ਲੱਗਣਾ
ਕਿਸਨੂੰ ਜੋਖਮ ਹੈ?
ਵਿਅਸਕਾਂ ਨੂੰ ਕੰਨਪੇੜੇ ਦੇ ਕਾਰਨ ਗੰਭੀਰ ਸਮੱਸਿਆਵਾਂ ਹੋਣ ਦਾ ਜੋਖਮ ਜ਼ਿਆਦਾ ਹੁੰਦਾ ਹੈ। ਸਮੱਸਿਆਵਾਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:
- ਅੰਡਕੋਸ਼ਾਂ ਵਿੱਚ ਸੋਜ (ਆਰਕਾਈਟਿਸ) ਜਾਂ ਅੰਡਕੋਸ਼ ਵਿੱਚ ਸੋਜ (ਊਫੋਰਾਈਟਿਸ)
- ਛਾਤੀ ਦੇ ਟਿਸ਼ੂਆਂ ਵਿੱਚ ਸੋਜ (ਮਾਸਟਾਈਟਿਸ)
- ਪੈਨਕ੍ਰੀਆਸ ਵਿੱਚ ਸੋਜ
- ਦਿਮਾਗ ਦੀ ਸੋਜ (ਐਂਸੇਫਲਾਈਟਿਸ) ਜਾਂ ਦਿਮਾਗ ਅਤੇ ਰੀੜ੍ਹ ਦੀ ਹੱਡੀ ਨੂੰ ਢੱਕਣ ਵਾਲੇ ਟਿਸ਼ੂਆਂ ਵਿੱਚ ਸੋਜ (ਮੈਨਿਨਜਾਈਟਿਸ)
- ਬਹਿਰਾਪਣ
ਕੰਨਪੇੜੇ ਦੇ ਫੈਲਾਅ ਨੂੰ ਰੋਕੋ
ਕੰਨਪੇੜੇ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ MMR ਟੀਕਾ ਲਗਵਾਉਣਾ ਹੈ। ਟੀਕਾਕਰਨ ਕੰਨਪੇੜੇ ਦੇ ਜ਼ਿਆਦਾਤਰ ਮਾਮਲਿਆਂ ਅਤੇ ਇਸ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਸੰਕਰਮਿਤ ਵਿਅਕਤੀ ਲੱਛਣ ਦਿਖਾਈ ਦੇਣ ਤੋਂ ਕੁਝ ਦਿਨ ਪਹਿਲਾਂ ਵੀ ਕੰਨਪੇੜਾ ਫੈਲਾ ਸਕਦਾ ਹੈ। ਕੰਨਪੇੜੇ ਤੋਂ ਪੀੜਤ ਲੋਕਾਂ ਨੂੰ ਘਰ ਰਹਿ ਕੇ ਅਤੇ ਸਮਾਜਿਕ ਸਮਾਗਮਾਂ ਵਿੱਚ ਨਾ ਜਾ ਕੇ ਦੂਜਿਆਂ ਦੇ ਸੰਪਰਕ ਵਿੱਚ ਆਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਜੇਕਰ ਕਿਸੇ ਨੂੰ ਕਿਸੇ ਸੰਕਰਮਿਤ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਉਸਨੂੰ ਇਹ ਕਰਨਾ ਚਾਹੀਦਾ ਹੈ:
- ਸੰਕਰਮਣ ਦੇ ਜੋਖਮ ਨੂੰ ਘੱਟ ਕਰਨ ਲਈ ਟੀਕਾ ਲਗਵਾਇਆ ਹੋਣਾ ਚਾਹੀਦਾ ਹੈ।
- ਨੇੜਲੇ ਸੰਪਰਕ ਤੋਂ ਬਚਣਾ ਚਾਹੀਦਾ ਹੈ।
- ਆਪਣੇ ਚਿਹਰੇ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ।
- ਮਾਸਕ ਪਹਿਨਣਾ ਚਾਹੀਦਾ ਹੈ।
- ਜਗ੍ਹਾ ਨੂੰ ਹਵਾਦਾਰ ਰੱਖਣਾ ਚਾਹੀਦਾ ਹੈ।
ਜੇਕਰ ਕਿਸੇ ਬਿਮਾਰ ਵਿਅਕਤੀ ਦੇ ਵਰਤੇ ਹੋਏ ਭਾਂਡੇ, ਕੱਪੜੇ ਜਾਂ ਚੀਜ਼ਾਂ ਨੂੰ ਹੱਥ ਲਗਾਉਂਦੇ ਹੋ, ਤਾਂ ਉਸ ਤੋਂ ਬਾਅਦ ਆਪਣੇ ਹੱਥਾਂ ਨੂੰ ਘੱਟੋ-ਘੱਟ 20 ਸਕਿੰਟਾਂ ਲਈ ਸਾਬਣ ਅਤੇ ਗਰਮ ਪਾਣੀ ਨਾਲ ਧੋਵੋ।
ਰੂਬੇਲਾ ਬਾਰੇ ਸੰਖੇਪ ਜਾਣਕਾਰੀ
ਰੂਬੇਲਾ ਕੀ ਹੈ?
ਰੂਬੇਲਾ, ਜਿਸ ਨੂੰ ਜਰਮਨ ਖਸਰਾ ਵੀ ਕਿਹਾ ਜਾਂਦਾ ਹੈ, ਵਾਇਰਸ ਕਾਰਨ ਹੋਣ ਵਾਲੀ ਬਹੁਤ ਹੀ ਛੂਤਕਾਰੀ ਬਿਮਾਰੀ ਹੈ। ਲੱਛਣਾਂ ਵਿੱਚ ਲਾਲ ਰੰਗ ਦੇ ਦਾਣੇ ਸ਼ਾਮਲ ਹਨ ਜੋ ਚਿਹਰੇ ਤੋਂ ਸ਼ੁਰੂ ਹੋ ਕੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਫੈਲ ਜਾਂਦੇ ਹਨ, ਨਾਲ ਹੀ ਬੁਖਾਰ ਅਤੇ ਸਿਰ ਦਰਦ ਹੁੰਦਾ ਹੈ। ਇਹ ਬਿਮਾਰੀ ਉਦੋਂ ਫੈਲਦੀ ਹੈ ਜਦੋਂ ਕੋਈ ਸੰਕਰਮਿਤ ਵਿਅਕਤੀ ਖੰਘਦਾ ਜਾਂ ਛਿੱਕਦਾ ਹੈ। ਰੂਬੇਲਾ 2004 ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚੋਂ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ, ਪਰ ਬਾਹਰੋਂ ਆਉਣ ਵਾਲੇ ਸੰਕਰਮਿਤ ਯਾਤਰੀ ਰਾਜਾਂ ਵਿੱਚ ਰੂਬੇਲਾ ਦੇ ਮਾਮਲੇ ਲਿਆ ਸਕਦੇ ਹਨ।
ਰੂਬੇਲਾ, CDC ਬਾਰੇ ਹੋਰ ਪੜ੍ਹੋ (ਅੰਗਰੇਜ਼ੀ ਵਿੱਚ)।
ਰੂਬੇਲਾ ਦੇ ਲੱਛਣ ਕੀ ਹਨ?
ਰੂਬੇਲਾ ਦੇ ਹੇਠ ਲਿਖੇ ਲੱਛਣ ਹੁੰਦੇ ਹਨ:
- ਲਾਲ ਰੰਗ ਦੇ ਦਾਣੇ ਜੋ ਚਿਹਰੇ ਤੋਂ ਸ਼ੁਰੂ ਹੋ ਕੇ ਸਰੀਰ ਦੇ ਬਾਕੀ ਹਿੱਸਿਆਂ ਵਿੱਚ ਫੈਲ ਜਾਂਦੇ ਹਨ
- ਹਲਕਾ ਬੁਖਾਰ
- ਸਿਰ ਦਰਦ
- ਅੱਖਾਂ ਦੇ ਚਿੱਟੇ ਹਿੱਸੇ ਵਿੱਚ ਲਾਲੀ ਜਾਂ ਸੋਜ (ਅੱਖ ਦੁੱਖਣੀ)
- ਆਮ ਬੇਚੈਨੀ
- ਲਿੰਫ ਨੋਡਸ ਵਿੱਚ ਸੋਜ ਅਤੇ ਉਹਨਾਂ ਦਾ ਵਧਣਾ
- ਖੰਘ
- ਨੱਕ ਵਗਣਾ
ਰੂਬੇਲਾ ਨਾਲ ਸੰਕਰਮਿਤ ਹੋਣ ਵਾਲੇ ਇੱਕ-ਚੌਥਾਈ ਤੋਂ ਅੱਧੇ ਲੋਕਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ।
ਕਿਸਨੂੰ ਜੋਖਮ ਹੈ?
ਗਰਭਵਤੀ ਮਹਿਲਾਵਾਂ ਨੂੰ ਰੂਬੇਲਾ ਦਾ ਜ਼ਿਆਦਾ ਜੋਖਮ ਹੁੰਦਾ ਹੈ। ਰੂਬੈਲਾ ਤੋਂ ਪੀੜਤ ਹੋਣ ਵਾਲੀਆਂ ਗਰਭਵਤੀ ਮਹਿਲਾਵਾਂ ਵਿੱਚ ਗਰਭਪਾਤ, ਜਨਮ ਸੰਬੰਧੀ ਨੁਕਸ, ਜਾਂ ਨਵਜੰਮੇ ਬੱਚੇ ਦੀ ਮੌਤ ਹੋ ਸਕਦੀ ਹੈ।
ਰੂਬੇਲਾ ਤੋਂ ਪੀੜਤ ਹੋਣ ਵਾਲੀਆਂ ਮਹਿਲਾਵਾਂ ਵਿੱਚੋਂ 70% ਤੱਕ ਮਹਿਲਾਵਾਂ ਨੂੰ ਗਠੀਆ ਦੀ ਸਮੱਸਿਆ ਹੋ ਸਕਦੀ ਹੈ।
ਰੂਬੇਲਾ ਦੇ ਫੈਲਾਅ ਨੂੰ ਰੋਕੋ
ਰੂਬੇਲਾ ਨਾਲ ਸੰਕਰਮਿਤ ਵਿਅਕਤੀ, ਲੱਛਣ ਦਿਖਾਈ ਦੇਣ ਤੋਂ 1 ਹਫ਼ਤਾ ਪਹਿਲਾਂ ਤੱਕ ਇਸ ਬਿਮਾਰੀ ਨੂੰ ਦੂਜਿਆਂ ਵਿੱਚ ਫੈਲਾ ਸਕਦੇ ਹਨ। ਇਹੀ ਕਾਰਨ ਹੈ ਕਿ ਰੂਬੇਲਾ ਦੇ ਸੰਕਰਮਣ ਤੋਂ ਬਚਣ ਲਈ MMR ਦਾ ਟੀਕਾਕਰਨ ਸਭ ਤੋਂ ਅਸਰਦਾਰ ਤਰੀਕਾ ਹੈ।
ਰੂਬੇਲਾ ਨਾਲ ਸੰਕਰਮਿਤ ਲੋਕਾਂ ਨੂੰ ਘਰ ਵਿੱਚ ਹੀ ਰਹਿਣਾ ਚਾਹੀਦਾ ਹੈ ਅਤੇ ਸਮਾਜਿਕ ਸਮਾਗਮਾਂ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਨੂੰ ਰੂਬੇਲਾ ਹੈ ਤਾਂ ਆਪਣੇ ਦੋਸਤਾਂ, ਪਰਿਵਾਰ, ਕੰਮ ਵਾਲੀ ਥਾਂ ਅਤੇ ਸਕੂਲ ਜਾਂ ਡੇਅਕੇਅਰ ਪ੍ਰਦਾਤਾਵਾਂ ਨੂੰ ਇਸ ਬਾਰੇ ਸੂਚਿਤ ਕਰੋ।
ਜੇਕਰ ਕਿਸੇ ਨੂੰ ਖਸਰੇ ਨਾਲ ਪੀੜਤ ਵਿਅਕਤੀ ਨਾਲ ਗੱਲਬਾਤ ਕਰਨ ਦੀ ਲੋੜ ਹੈ, ਤਾਂ ਉਸਨੂੰ ਇਹ ਕਰਨਾ ਚਾਹੀਦਾ ਹੈ:
- ਸੰਕਰਮਣ ਦੇ ਜੋਖਮ ਨੂੰ ਘੱਟ ਕਰਨ ਲਈ ਟੀਕਾ ਲਗਵਾਇਆ ਹੋਣਾ ਚਾਹੀਦਾ ਹੈ।
- ਨੇੜਲੇ ਸੰਪਰਕ ਤੋਂ ਬਚਣਾ ਚਾਹੀਦਾ ਹੈ।
- ਆਪਣੇ ਚਿਹਰੇ ਨੂੰ ਛੂਹਣ ਤੋਂ ਬਚਣਾ ਚਾਹੀਦਾ ਹੈ।
- ਮਾਸਕ ਪਹਿਨਣਾ ਚਾਹੀਦਾ ਹੈ।
- ਜਗ੍ਹਾ ਨੂੰ ਹਵਾਦਾਰ ਰੱਖਣਾ ਚਾਹੀਦਾ ਹੈ।
MMR ਟੀਕਾ
ਲੋਕਾਂ ਨੂੰ measles, mumps, rubella (MMR) ਦਾ ਟੀਕਾ ਕਦੋਂ ਲਗਵਾਉਣਾ ਚਾਹੀਦਾ ਹੈ?
ਬੱਚਿਆਂ ਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਪਹਿਲੀ ਖੁਰਾਕ 12 ਤੋਂ 15 ਮਹੀਨਿਆਂ ਦੀ ਉਮਰ ਦੇ ਵਿਚਕਾਰ ਲਗਾਈ ਜਾਂਦੀ ਹੈ।
- ਦੂਜੀ ਖੁਰਾਕ 4 ਤੋਂ 6 ਸਾਲ ਦੀ ਉਮਰ ਦੇ ਵਿਚਕਾਰ ਲਗਾਈ ਜਾਂਦੀ ਹੈ।
ਜਿਨ੍ਹਾਂ ਵਿਅਸਕਾਂ ਨੇ ਕਦੇ ਵੀ ਇਹ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ MMR ਦੇ ਟੀਕੇ ਦੀ ਘੱਟੋ-ਘੱਟ 1 ਖੁਰਾਕ ਜ਼ਰੂਰ ਲਗਵਾਉਣੀ ਚਾਹੀਦੀ ਹੈ।
ਜਿਨ੍ਹਾਂ ਸਿਹਤ ਸੰਭਾਲ ਕਰਮਚਾਰੀਆਂ ਵਿੱਚ MMR ਪ੍ਰਤੀ ਰੋਗ ਪ੍ਰਤੀਰੋਧਕ ਸਮਰੱਥਾ ਨਹੀਂ ਹੈ, ਉਨ੍ਹਾਂ ਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਵਿਚਕਾਰ ਘੱਟੋ-ਘੱਟ 28 ਦਿਨਾਂ ਦਾ ਫ਼ਰਕ ਹੋਣਾ ਚਾਹੀਦਾ ਹੈ।
ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਦਾ ਖਸਰੇ ਤੋਂ ਸੁਰੱਖਿਅਤ ਹੋਣਾ ਜ਼ਰੂਰੀ ਹੈ। ਜੇਕਰ ਇਹ ਸਥਿਤੀ ਤੁਹਾਡੇ ਜਾਂ ਤੁਹਾਡੇ ਪਰਿਵਾਰ 'ਤੇ ਲਾਗੂ ਹੁੰਦੀ ਹੈ, ਤਾਂ ਆਪਣੇ ਡਾਕਟਰ ਨਾਲ ਗੱਲ ਕਰੋ।
ਕੁਝ ਲੋਕਾਂ ਨੂੰ MMR ਟੀਕਾ ਨਹੀਂ ਲਗਵਾਉਣਾ ਚਾਹੀਦਾ:
- ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ MMR ਟੀਕਾ ਨਹੀਂ ਲਗਵਾਉਣਾ ਚਾਹੀਦਾ।
- ਟਿਊਬਰਕੁਲੋਸਿਸ ਤੋਂ ਪੀੜਤ ਲੋਕਾਂ ਨੂੰ MMR ਟੀਕਾ ਨਹੀਂ ਲਗਵਾਉਣਾ ਚਾਹੀਦਾ।
- ਜਿਨ੍ਹਾਂ ਲੋਕਾਂ ਨੂੰ ਅਜਿਹੀ ਬਿਮਾਰੀ ਹੈ ਜਿਸ ਨਾਲ ਉਹਨਾਂ ਦੇ ਆਸਾਨੀ ਨਾਲ ਨੀਲ ਪੈ ਜਾਂਦੇ ਹਨ ਜਾਂ ਖੂਨ ਵਗਣ ਲੱਗ ਪੈਂਦਾ ਹੈ, ਉਹਨਾਂ ਨੂੰ MMR ਟੀਕਾ ਨਹੀਂ ਲਗਵਾਉਣਾ ਚਾਹੀਦਾ।
ਕੁਝ ਲੋਕਾਂ ਨੂੰ MMR ਟੀਕਾ ਲਗਵਾਉਣ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ:
- ਗਰਭਵਤੀ ਮਹਿਲਾਵਾਂ ਨੂੰ MMR ਟੀਕਾ ਲਗਵਾਉਣ ਲਈ ਬੱਚੇ ਦੇ ਜਨਮ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ।
- ਜਿਨ੍ਹਾਂ ਲੋਕਾਂ ਨੇ ਪਿਛਲੇ 4 ਹਫ਼ਤਿਆਂ ਦੇ ਅੰਦਰ ਕੋਈ ਹੋਰ ਟੀਕਾ ਲਗਵਾਇਆ ਹੈ, ਉਹਨਾਂ ਨੂੰ MMR ਟੀਕਾ ਲਗਵਾਉਣ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ।
- ਜਿਨ੍ਹਾਂ ਲੋਕਾਂ ਨੇ ਖੂਨ ਦਾਨ ਕੀਤਾ ਹੈ ਜਾਂ ਜਿਨ੍ਹਾਂ ਨੂੰ ਖੂਨ ਦੇ ਉਤਪਾਦ ਚੜ੍ਹਾਏ ਗਏ ਹਨ, ਉਹਨਾਂ ਨੂੰ MMR ਟੀਕਾ ਲਗਵਾਉਣ ਲਈ ਘੱਟੋ-ਘੱਟ 3 ਮਹੀਨੇ ਇੰਤਜ਼ਾਰ ਕਰਨਾ ਚਾਹੀਦਾ ਹੈ।
MMR ਟੀਕੇ ਦੇ ਮਾੜੇ ਪ੍ਰਭਾਵ ਕੀ ਹਨ?
ਬਹੁਤੇ ਲੋਕਾਂ ਨੂੰ ਬਹੁਤ ਘੱਟ ਜਾਂ ਕੋਈ ਮਾੜਾ ਪ੍ਰਭਾਵ ਮਹਿਸੂਸ ਨਹੀਂ ਹੁੰਦਾ। MMR ਟੀਕੇ ਦੇ ਸਭ ਤੋਂ ਆਮ ਮਾੜੇ ਪ੍ਰਭਾਵਾਂ ਵਿੱਚ ਇਹ ਸ਼ਾਮਲ ਹਨ:
- ਜਿੱਥੇ ਟੀਕਾ ਲੱਗਿਆ ਹੋਵੇ, ਉਸ ਬਾਂਹ ਵਿੱਚ ਦਰਦ ਜਾਂ ਲਾਲੀ ਹੋਣਾ
- ਬੁਖਾਰ
- ਹਲਕੇ ਦਾਣੇ ਹੋਣਾ
- ਜੋੜਾਂ ਵਿੱਚ ਕੁਝ ਸਮੇਂ ਲਈ ਦਰਦ ਅਤੇ ਅਕੜਾਅ ਹੋਣਾ
ਇਸ ਟੀਕੇ ਦੀ ਸੁਰੱਖਿਆ ਲਈ ਲਗਾਤਾਰ ਜਾਂਚ ਕੀਤੀ ਜਾਂਦੀ ਹੈ। (ਅੰਗਰੇਜ਼ੀ ਵਿੱਚ)। ਇਸ ਟੀਕੇ ਦੇ ਫਾਇਦੇ ਅਤੇ ਮਾੜੇ ਪ੍ਰਭਾਵ ਖਸਰਾ, ਕੰਨਪੇੜੇ ਜਾਂ ਰੂਬੇਲਾ ਹੋਣ ਦੇ ਜੋਖਮ ਨਾਲੋਂ ਕਿਤੇ ਜ਼ਿਆਦਾ ਹਨ।
MMR ਟੀਕਾ ਕਿਉਂ ਜ਼ਰੂਰੀ ਹੈ?
MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣ ਨਾਲ ਖਸਰਾ ਅਤੇ ਰੂਬੇਲਾ ਨੂੰ ਰੋਕਣ ਵਿੱਚ 97% ਤੱਕ ਅਤੇ ਕੰਨਪੇੜੇ ਤੋਂ 88% ਤੱਕ ਸੁਰੱਖਿਆ ਮਿਲਦੀ ਹੈ। ਟੀਕਾਕਰਨ ਕਰਵਾ ਚੁੱਕੇ ਜਿਹੜੇ ਲੋਕ ਇਸ ਬਿਮਾਰੀ ਨਾਲ ਬਿਮਾਰ ਹੁੰਦੇ ਵੀ ਹਨ, ਉਨ੍ਹਾਂ ਵਿੱਚ ਇਸ ਦੇ ਲੱਛਣ ਹਲਕੇ ਹੁੰਦੇ ਹਨ।
ਟੀਕਾਕਰਨ ਕਰਵਾਉਣਾ ਤੁਹਾਡੀ, ਤੁਹਾਡੇ ਪਰਿਵਾਰ ਅਤੇ ਸਮਾਜ ਦੇ ਹੋਰ ਲੋਕਾਂ ਦੀ ਸੁਰੱਖਿਆ ਕਰਦਾ ਹੈ। ਇਹ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰਦਾ ਹੈ ਜੋ ਟੀਕਾਕਰਨ ਨਹੀਂ ਕਰਵਾ ਸਕਦੇ, ਜਿਵੇਂ ਕਿ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ, ਨਵਜੰਮੇ ਬੱਚੇ ਅਤੇ ਗਰਭਵਤੀ ਮਹਿਲਾਵਾਂ।
ਟੀਕਾਕਰਨ ਉਪਲਬਧ ਹੋਣ ਤੋਂ ਪਹਿਲਾਂ ਸੰਯੁਕਤ ਰਾਜ ਅਮਰੀਕਾ ਵਿੱਚ ਹਰ ਸਾਲ 30 ਤੋਂ 40 ਲੱਖ ਲੋਕ ਖਸਰੇ ਦੀ ਲਪੇਟ ਵਿੱਚ ਆਉਂਦੇ ਸਨ। ਇਸ ਕਾਰਨ ਹਰ ਸਾਲ 48,000 ਲੋਕ ਹਸਪਤਾਲ ਵਿੱਚ ਦਾਖਲ ਹੁੰਦੇ ਸਨ, ਦਿਮਾਗ ਦੀ ਸੋਜ (ਐਨਸੈਫਲਾਈਟਿਸ) ਦੇ 1,000 ਮਾਮਲੇ ਸਾਹਮਣੇ ਆਉਂਦੇ ਸਨ ਅਤੇ 400 ਤੋਂ 500 ਮੌਤਾਂ ਹੁੰਦੀਆਂ ਸਨ।
1963 ਵਿੱਚ ਖਸਰੇ ਦੇ ਟੀਕੇ ਦੀ ਸ਼ੁਰੂਆਤ ਤੋਂ ਬਾਅਦ ਖਸਰੇ ਦੇ ਮਾਮਲਿਆਂ ਵਿੱਚ 99% ਤੱਕ ਦੀ ਕਮੀ ਆਈ ਹੈ।
ਭਾਵੇਂ ਕਿ ਹੁਣ ਬਿਮਾਰੀ ਦੇ ਮਾਮਲੇ ਘੱਟ ਹਨ ਫਿਰ ਵੀ ਟੀਕਾਕਰਨ ਬਹੁਤ ਮਹੱਤਵਪੂਰਨ ਹੈ ਕਿਉਂਕਿ ਸੰਯੁਕਤ ਰਾਜ ਅਮਰੀਕਾ ਵਿੱਚ ਅਜੇ ਵੀ ਟੀਕਾ ਨਾ ਲਗਵਾਉਣ ਵਾਲੇ ਲੋਕਾਂ, ਉੱਚ-ਜੋਖਮ ਵਾਲੇ ਸਮੂਹਾਂ ਅਤੇ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਇਹ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
Childhood Vaccine Program
Washington State Childhood Vaccination Program (ਵਾਸ਼ਿੰਗਟਨ ਰਾਜ ਦੇ ਬੱਚਿਆਂ ਦਾ ਟੀਕਾਕਰਨ ਪ੍ਰੋਗਰਾਮ) 18 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁਫ਼ਤ ਟੀਕੇ ਪ੍ਰਦਾਨ ਕਰਦਾ ਹੈ। MMR ਟੀਕਾ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੈ।
Department of Health (ਸਿਹਤ ਵਿਭਾਗ) ਦੇ ਟੀਕਾ ਪ੍ਰਦਾਤਾ ਨਕਸ਼ੇ 'ਤੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਿਹਤ ਸੰਭਾਲ ਪ੍ਰਦਾਤਾਵਾਂ ਦੀ ਸੂਚੀ ਦੇਖੋ।
ਸਕੂਲਾਂ ਲਈ MMR ਟੀਕੇ ਦੀ ਲੋੜ
ਵਾਸ਼ਿੰਗਟਨ ਰਾਜ ਵਿੱਚ ਬੱਚਿਆਂ ਦੇ ਦੇਖਭਾਲ ਕੇਂਦਰਾਂ ਅਤੇ ਸਕੂਲ ਵਿੱਚ ਦਾਖਲੇ ਲਈ MMR ਟੀਕਾ ਲਗਵਾਉਣਾ ਲਾਜ਼ਮੀ ਹੈ। ਸਕੂਲ ਅਤੇ ਬੱਚਿਆਂ ਦੀ ਦੇਖਭਾਲ ਲਈ ਟੀਕਾਕਰਨ ਦੀਆਂ ਲੋੜਾਂ ਬਾਰੇ ਹੋਰ ਜਾਣਨ ਲਈ ਪਰਿਵਾਰਾਂ ਲਈ ਅਨੁਕੂਲ ਸਕੂਲ ਟੀਕਾਕਰਨ ਦੀਆਂ ਲੋੜਾਂ ਵਾਲੇ ਵੈੱਬ ਪੇਜ 'ਤੇ ਜਾਓ (ਇਹ ਅੰਗਰੇਜ਼ੀ ਅਤੇ ਕੁਝ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ)।
ਟੀਕੇ ਬਾਰੇ ਜਾਣਕਾਰੀ ਦਾ ਵਰਨਣ ਅਤੇ ਸਰੋਤ
ਟੀਕਾਕਰਨ ਦੇ ਸਮੇਂ ਮਾਪਿਆਂ/ਸਰਪ੍ਰਸਤਾਂ ਨੂੰ Vaccine Information Statement (VIS, ਟੀਕੇ ਬਾਰੇ ਜਾਣਕਾਰੀ ਦਾ ਵਰਨਣ) ਦਿੱਤਾ ਜਾਂਦਾ ਹੈ। ਇਹ ਖਾਸ ਟੀਕਾਕਰਨ ਦੇ ਫਾਇਦਿਆਂ ਅਤੇ ਜੋਖਮਾਂ ਬਾਰੇ ਦੱਸਦਾ ਹੈ।
CDC ਵੱਲੋਂ ਜਾਰੀ ਕੀਤਾ ਗਿਆ ਮੌਜੂਦਾ MMR ਟੀਕੇ ਬਾਰੇ ਜਾਣਕਾਰੀ ਦਾ ਵਰਨਣ ਪੜ੍ਹੋ।
immunize.org 'ਤੇ VIS ਦੇ ਅਨੁਵਾਦ ਦੇਖੋ।
ਆਮ ਲੋਕਾਂ ਲਈ ਵਾਧੂ ਸਰੋਤ
- MMR ਟੀਕਾ - ਹਰ ਕਿਸੇ ਨੂੰ ਕੀ ਪਤਾ ਹੋਣਾ ਚਾਹੀਦਾ ਹੈ, CDC
- ਖਸਰਾ, CDC
- ਕੰਨਪੇੜਾ, CDC
- ਰੂਬੇਲਾ, CDC
- ਖਸਰੇ ਬਾਰੇ ਮੁਢਲੀ ਜਾਣਕਾਰੀ (PDF)
- ਪਰਿਵਾਰਾਂ ਲਈ ਖਸਰੇ ਦੇ ਫੈਲਾਅ ਬਾਰੇ ਜਾਣਕਾਰੀ ਵਾਲਾ ਫਲਾਇਰ (PDF)
- ਕੀ ਤੁਹਾਨੂੰ ਖਸਰੇ ਦਾ ਜੋਖਮ ਹੈ? ਫਲਾਇਰ (PDF)
- ਖਸਰੇ ਦਾ ਟੀਕਾ: ਸਾਡੀ ਸਭ ਤੋਂ ਵਧੀਆ ਸੁਰੱਖਿਆ ਫਲਾਇਰ (PDF)
- ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਖਸਰੇ ਤੋਂ ਬਚਾਓ – Watch Me Grow ਵਾਸ਼ਿੰਗਟਨ ਬਰੋਸ਼ਰ (PDF)
- ਖਸਰਾ ਕਿੰਨੀ ਆਸਾਨੀ ਨਾਲ ਫੈਲ ਸਕਦਾ ਹੈ ਵੀਡੀਓ, National Foundation for Infectious Diseases (NFID, ਛੂਤਕਾਰੀ ਬਿਮਾਰੀਆਂ ਲਈ ਰਾਸ਼ਟਰੀ ਫਾਊਂਡੇਸ਼ਨ)
- ਖਸਰੇ ਬਾਰੇ 5 ਗੱਲਾਂ ਜੋ ਤੁਹਾਨੂੰ 30 ਸਕਿੰਟਾਂ ਦੀ ਵੀਡੀਓ ਵਿੱਚ ਜਾਣਨ ਦੀ ਲੋੜ ਹੈ, NFID
ਸਿਹਤ ਸੰਭਾਲ ਪ੍ਰਦਾਤਾਵਾਂ, ਜਨਤਕ ਸਿਹਤ, ਸਕੂਲਾਂ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਟਾਫ਼ ਲਈ ਵਾਧੂ ਸਰੋਤ
- ਖਸਰਾ ਦੀ ਰਿਪੋਰਟਿੰਗ ਅਤੇ ਨਿਗਰਾਨੀ ਸੰਬੰਧੀ ਪੇਜ
- ਖਸਰੇ, CDC ਬਾਰੇ ਕਲੀਨਿਕਲ ਸੰਖੇਪ ਜਾਣਕਾਰੀ
- ਵਾਸ਼ਿੰਗਟਨ ਰਾਜ ਦੇ ਭਾਈਵਾਲਾਂ ਲਈ ਖਸਰਾ ਸੰਚਾਰ ਟੂਲਕਿੱਟ (PDF)
- ਟੀਕਾਕਰਨ ਸੂਚਨਾ ਪ੍ਰਣਾਲੀ ਵਿੱਚ ਖਸਰੇ ਪ੍ਰਤੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਦਰਜ ਕਰਨਾ (PDF)
- ਖਸਰਾ – ਟੀਕੇ ਰਾਹੀਂ ਰੋਕਥਾਮ ਯੋਗ ਬਿਮਾਰੀਆਂ ਦੀ ਨਿਗਰਾਨੀ ਲਈ ਨਿਰਦੇਸ਼ਿਕਾ, CDC
- ਪਿੰਕ ਬੁੱਕ ਅਧਿਆਇ 13: ਖਸਰਾ, CDC
- ਸਿਹਤ ਸੰਭਾਲ ਸੰਸਥਾਵਾਂ ਵਿੱਚ ਖਸਰੇ ਲਈ ਅੰਤਰਿਮ ਸੰਕਰਮਣ ਰੋਕਥਾਮ ਅਤੇ ਨਿਯੰਤਰਣ ਸਿਫ਼ਾਰਸ਼ਾਂ, CDC
- “ਕੀ ਇਹ ਖਸਰਾ ਹੋ ਸਕਦਾ ਹੈ?” ਕਲੀਨਿਕਾਂ ਲਈ ਪੋਸਟਰ (PDF)
- ਸਿਹਤ ਸੰਭਾਲ ਪ੍ਰਦਾਤਾਵਾਂ ਅਤੇ Local Health Jurisdictions (LHJ, ਸਥਾਨਕ ਸਿਹਤ ਅਧਿਕਾਰ ਖੇਤਰ) ਲਈ MMR ਟੀਕੇ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ (PDF)
- MMR ਟੀਕੇ ਬਾਰੇ ਸਿਫ਼ਾਰਸ਼ਾਂ (PDF)
- ਟੀਕਾਕਰਨ ਪ੍ਰਤੀਕਿਰਿਆ ਗਾਈਡ: ਖਸਰਾ (PDF)
- ਬੱਚਿਆਂ ਦੀ ਦੇਖਭਾਲ ਅਤੇ ਸ਼ੁਰੂਆਤੀ ਸਿੱਖਿਆ ਕੇਂਦਰਾਂ ਲਈ ਖਸਰੇ ਦੀ ਤਿਆਰੀ (PDF)
- ਸਕੂਲਾਂ ਲਈ ਖਸਰੇ ਦੀ ਤਿਆਰੀ (PDF)
- ਬੱਚਿਆਂ ਦੇ ਦੇਖਭਾਲ ਕੇਂਦਰ ਦੇ ਸਟਾਫ਼ ਲਈ MMR ਦੀ ਲੋੜ
MMR ਟੀਕੇ ਅਤੇ ਖਸਰੇ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ
- ਖਸਰੇ ਦੇ ਟੀਕੇ ਦੀਆਂ ਕੀ ਲੋੜਾਂ ਹਨ?
-
ਵਾਸ਼ਿੰਗਟਨ ਰਾਜ ਵਿੱਚ ਬੱਚਿਆਂ ਦੇ ਦੇਖਭਾਲ ਕੇਂਦਰਾਂ, ਕਿੰਡਰਗਾਰਟਨ, ਜਾਂ ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਲਈ ਖਸਰੇ ਦਾ ਟੀਕਾ ਲਗਵਾਉਣਾ ਲਾਜ਼ਮੀ ਹੈ। ਤੁਸੀਂ ਇਸ ਲੋੜ ਬਾਰੇ ਹੋਰ ਜਾਣਕਾਰੀ ਸਾਡੇ ਸਕੂਲ ਅਤੇ ਬੱਚਿਆਂ ਦੇ ਦੇਖਭਾਲ ਕੇਂਦਰਾਂ ਦੇ ਟੀਕਾਕਰਨ ਜਾਣਕਾਰੀ ਵਾਲੇ ਵੈੱਬ ਪੇਜ 'ਤੇ ਪੜ੍ਹ ਸਕਦੇ ਹੋ (ਇਹ ਅੰਗਰੇਜ਼ੀ ਅਤੇ ਕੁਝ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੈ)।
ਬੱਚਿਆਂ ਦੇ ਦੇਖਭਾਲ ਕੇਂਦਰਾਂ, Early Childhood Education and Assistance Program (ECEAP, ਸ਼ੁਰੂਆਤੀ ਬਾਲ ਸਿੱਖਿਆ ਅਤੇ ਸਹਾਇਤਾ ਪ੍ਰੋਗਰਾਮ) ਜਾਂ ਹੈੱਡ ਸਟਾਰਟ ਪ੍ਰੀ-ਸਕੂਲ ਦੇ ਸਟਾਫ਼ ਅਤੇ ਵਲੰਟੀਅਰਸ ਲਈ ਇਹ ਸਾਬਤ ਕਰਨ ਵਾਲੇ ਦਸਤਾਵੇਜ਼ ਪੇਸ਼ ਕਰਨਾ ਲਾਜ਼ਮੀ ਹੈ ਕਿ ਉਹ MMR ਟੀਕਾ ਲਗਵਾ ਚੁੱਕੇ ਹਨ ਜਾਂ ਉਨ੍ਹਾਂ ਵਿੱਚ ਖਸਰੇ ਦੇ ਵਿਰੁੱਧ ਰੋਗ ਪ੍ਰਤੀਰੋਧਕ ਸਮਰੱਥਾ ਮੌਜੂਦ ਹੈ। ਤੁਸੀਂ ਇਸ ਲੋੜ ਬਾਰੇ ਹੋਰ ਜਾਣਕਾਰੀ ਸਾਡੇ MMR ਦੀਆਂ ਲੋੜਾਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੇ ਪੇਜ 'ਤੇ ਪੜ੍ਹ ਸਕਦੇ ਹੋ (ਅੰਗਰੇਜ਼ੀ ਵਿੱਚ)।
- ਮੈਨੂੰ ਆਪਣੇ ਟੀਕਾਕਰਨ ਦੀ ਸਥਿਤੀ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ?
-
ਤੁਸੀਂ ਆਪਣੇ ਡਾਕਟਰ ਦੇ ਦਫ਼ਤਰ, ਫਾਰਮੇਸੀ, ਜਾਂ ਤੁਹਾਨੂੰ ਟੀਕਾ ਲਗਾਉਣ ਵਾਲੇ ਸਿਹਤ ਸੰਭਾਲ ਪ੍ਰਦਾਤਾ ਤੋਂ ਟੀਕਾਕਰਨ ਦਾ ਰਿਕਾਰਡ ਪ੍ਰਾਪਤ ਕਰਕੇ ਇਹ ਯਕੀਨੀ ਕਰ ਸਕਦੇ ਹੋ ਕਿ ਤੁਹਾਨੂੰ MMR ਟੀਕਾ ਲੱਗ ਚੁੱਕਾ ਹੈ। ਤੁਸੀਂ ਆਪਣੇ ਸਕੂਲ ਨਾਲ ਵੀ ਸੰਪਰਕ ਕਰਕੇ ਦੇਖ ਸਕਦੇ ਹੋ ਕਿ ਕੀ ਉਨ੍ਹਾਂ ਕੋਲ ਤੁਹਾਡਾ ਟੀਕਾਕਰਨ ਰਿਕਾਰਡ ਮੌਜੂਦ ਹੈ, ਜੋ ਤੁਸੀਂ ਸਕੂਲ ਵਿੱਚ ਦਾਖਲੇ ਵੇਲੇ ਜਮ੍ਹਾਂ ਕਰਵਾਇਆ ਸੀ। ਅਖ਼ੀਰ ਵਿੱਚ, ਤੁਸੀਂ ਵਾਸ਼ਿੰਗਟਨ ਰਾਜ ਦੀ ਟੀਕਾਕਰਨ ਰਜਿਸਟਰੀ ਤੋਂ ਇਲੈਕਟ੍ਰਾਨਿਕ ਟੀਕਾਕਰਨ ਰਿਕਾਰਡ ਪ੍ਰਾਪਤ ਕਰਨ ਲਈ MyIR 'ਤੇ ਸਾਈਨ-ਅੱਪ ਕਰ ਸਕਦੇ ਹੋ ਜਾਂ Department of Health ਨਾਲ ਸੰਪਰਕ ਕਰ ਸਕਦੇ ਹੋ।
- MMR ਕਿਸ ਕਿਸਮ ਦਾ ਟੀਕਾ ਹੈ?
-
ਖਸਰਾ, ਕੰਨਪੇੜੇ ਅਤੇ ਰੂਬੇਲਾ (MMR) ਟੀਕੇ ਵਿੱਚ ਖਸਰਾ, ਕੰਨਪੇੜੇ ਅਤੇ ਰੂਬੇਲਾ ਦੇ ਜਿਉਂਦੇ ਪਰ ਕਮਜ਼ੋਰ ਕੀਤੇ ਹੋਏ ਵਾਇਰਸ ਹੁੰਦੇ ਹਨ। ਟੀਕਾਕਰਨ ਤੋਂ ਬਾਅਦ, ਸਾਡੀ ਰੋਗ ਪ੍ਰਤੀਰੋਧਕ ਸਮਰੱਥਾ ਟੀਕੇ ਦੇ ਕਮਜ਼ੋਰ ਵਾਇਰਸ ਦੇ ਖਿਲਾਫ ਵਾਇਰਸ ਨਾਲ ਲੜਨ ਵਾਲੀਆਂ ਐਂਟੀਬਾਡੀਜ਼ ਬਣਾਉਂਦੀ ਹੈ। ਖਸਰੇ ਦਾ ਟੀਕਾ ਖਸਰੇ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ ਕਿਉਂਕਿ ਜੇਕਰ ਤੁਹਾਨੂੰ ਟੀਕਾ ਲੱਗ ਚੁੱਕਾ ਹੈ ਅਤੇ ਫਿਰ ਤੁਸੀਂ ਖਸਰੇ ਵਾਲੇ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਤੁਹਾਡਾ ਸਰੀਰ ਇਸ ਵਾਇਰਸ ਨਾਲ ਲੜਨ ਦੇ ਕਾਬਿਲ ਹੋ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵੈਕਸੀਨ ਨੇ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਇਆ ਹੁੰਦਾ ਹੈ। ਇਹ ਟੀਕਾ ਕੋਈ ਬਿਮਾਰੀ ਪੈਦਾ ਨਹੀਂ ਕਰਦਾ, ਬਲਕਿ ਇਹ ਸਰੀਰ ਵਿੱਚ ਮਜ਼ਬੂਤ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਦਾ ਕੰਮ ਕਰਦਾ ਹੈ।
- ਖਸਰੇ ਤੋਂ ਬਚਾਅ ਲਈ ਟੀਕੇ ਇੰਨੇ ਜ਼ਰੂਰੀ ਕਿਉਂ ਹਨ?
-
MMR ਟੀਕਾ ਖਸਰੇ ਨੂੰ ਰੋਕਣ ਵਿੱਚ ਬਹੁਤ ਜ਼ਿਆਦਾ ਅਸਰਦਾਰ ਹੈ। ਜੇਕਰ ਸਾਡੇ ਭਾਈਚਾਰੇ ਵਿੱਚ MMR ਟੀਕਾਕਰਨ ਦੀ ਦਰ ਜ਼ਿਆਦਾ ਹੋਵੇ, ਤਾਂ ਅਸੀਂ ਅਜਿਹੀਆਂ ਬਿਮਾਰੀਆਂ ਫੈਲਣ ਤੋਂ ਰੋਕ ਸਕਦੇ ਹਾਂ ਜਿਨ੍ਹਾਂ ਕਰਕੇ ਸਾਨੂੰ ਕੰਮ ਅਤੇ ਸਕੂਲ ਤੋਂ ਛੁੱਟੀ ਲੈਣੀ ਪੈਂਦੀ ਹੈ। ਅਸੀਂ ਉਨ੍ਹਾਂ ਲੋਕਾਂ ਦੀ ਸੁਰੱਖਿਆ ਕਰ ਸਕਦੇ ਹਾਂ ਜੋ ਟੀਕਾ ਲਗਵਾਉਣ ਦੇ ਯੋਗ ਨਹੀਂ ਹਨ, ਜਿਵੇਂ ਕਿ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕ ਜਾਂ ਉਹ ਛੋਟੇ ਬੱਚੇ ਜਿਨ੍ਹਾਂ ਦੀ ਉਮਰ ਅਜੇ ਟੀਕਾ ਲਗਵਾਉਣ ਦੀ ਨਹੀਂ ਹੋਈ ਹੈ।
- MMR ਟੀਕਾ ਲਗਵਾਉਣ ਦੀ ਸਲਾਹ ਕੌਣ ਦਿੰਦਾ ਹੈ?
-
Centers for Disease Control and Prevention (CDC), American Academy of Pediatrics (AAP), American Academy of Family Physicians (AAFP), American College of Obstetricians and Gynecologists, American College of Physicians (ACP), ਅਤੇ Washington State Department of Health, ਇਹ ਸਾਰੇ ਇਸ ਟੀਕੇ ਨੂੰ ਲਗਵਾਉਣ ਦੀ ਸਲਾਹ ਦਿੰਦੇ ਹਨ।
- MMR ਟੀਕਾ ਕਿੰਨਾ ਅਸਰਦਾਰ ਹੈ?
-
MMR ਟੀਕਾ ਬਹੁਤ ਜ਼ਿਆਦਾ ਅਸਰਦਾਰ ਹੈ। MMR ਟੀਕੇ ਦੀ 1 ਖੁਰਾਕ ਖਸਰੇ ਨੂੰ ਰੋਕਣ ਵਿੱਚ 93% ਅਸਰਦਾਰ ਹੈ। ਦੂਜੀ ਖੁਰਾਕ ਇਸ ਦੇ ਅਸਰ ਨੂੰ 97% ਤੱਕ ਵਧਾ ਦਿੰਦੀ ਹੈ।
- MMR ਟੀਕਾ ਕਿਸ ਨੂੰ ਲਗਵਾਉਣਾ ਚਾਹੀਦਾ ਹੈ?
-
ਸਾਰੇ ਬੱਚਿਆਂ ਨੂੰ 12-15 ਮਹੀਨਿਆਂ ਦੀ ਉਮਰ ਵਿੱਚ MMR ਟੀਕੇ ਦੀ ਪਹਿਲੀ ਖੁਰਾਕ ਅਤੇ ਦੁਬਾਰਾ 4-6 ਸਾਲ ਦੀ ਉਮਰ ਵਿੱਚ ਦੂਜੀ ਖੁਰਾਕ ਲੱਗਣੀ ਚਾਹੀਦੀ ਹੈ।
1957 ਤੋਂ ਬਾਅਦ ਜਨਮੇ ਅਜਿਹੇ ਵਿਅਸਕ ਜਿਨ੍ਹਾਂ ਨੇ ਕਦੇ MMR ਦਾ ਟੀਕਾ ਨਹੀਂ ਲਗਵਾਇਆ, ਜੇਕਰ ਉਨ੍ਹਾਂ ਨੂੰ ਕੋਈ ਵੱਡਾ ਸਿਹਤ ਜੋਖਮ ਨਾ ਹੋਵੇ, ਉਨ੍ਹਾਂ ਨੂੰ ਘੱਟੋ-ਘੱਟ 1 ਖੁਰਾਕ ਜ਼ਰੂਰ ਲਗਵਾਉਣੀ ਚਾਹੀਦੀ ਹੈ।
ਉੱਚ-ਜੋਖਮ ਵਾਲੇ ਲੋਕਾਂ ਵਿੱਚ ਸਿਹਤ ਸੰਭਾਲ ਕਰਮਚਾਰੀ, ਸਕੂਲ ਜਾਣ ਵਾਲੇ ਬੱਚੇ, ਅੰਤਰਰਾਸ਼ਟਰੀ ਯਾਤਰੀ, ਅਤੇ ਕਾਲਜ ਜਾਂ ਵੋਕੇਸ਼ਨਲ ਪ੍ਰੋਗਰਾਮਸ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਸ਼ਾਮਲ ਹਨ। ਜੇਕਰ ਉਨ੍ਹਾਂ ਨੇ ਕਦੇ ਵੀ ਟੀਕਾ ਨਹੀਂ ਲਗਵਾਇਆ ਹੈ ਜਾਂ ਉਨ੍ਹਾਂ ਵਿੱਚ ਇਸ ਬਿਮਾਰੀ ਖ਼ਿਲਾਫ਼ ਰੋਗ ਪ੍ਰਤੀਰੋਧਕ ਸਮਰੱਥਾ ਨਹੀਂ ਹੈ, ਤਾਂ ਉਨ੍ਹਾਂ ਨੂੰ MMR ਟੀਕੇ ਦੀਆਂ 2 ਖੁਰਾਕਾਂ ਘੱਟੋ-ਘੱਟ 28 ਦਿਨਾਂ ਦੇ ਫ਼ਰਕ 'ਤੇ ਲਗਵਾਉਣੀਆਂ ਚਾਹੀਦੀਆਂ ਹਨ।
- ਟੀਕਾਕਰਨ ਤੋਂ ਬਾਅਦ ਕਿਸੇ ਵਿਅਕਤੀ ਦਾ ਖਸਰੇ ਤੋਂ ਬਚਾਅ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
-
ਖਸਰੇ ਦੇ ਟੀਕੇ ਦੇ ਅਸਰਦਾਰ ਹੋਣ ਲਈ, ਸਰੀਰ ਨੂੰ ਸੁਰੱਖਿਆਤਮਕ ਐਂਟੀਬਾਡੀਜ਼ ਬਣਾਉਣ ਵਾਸਤੇ ਸਮੇਂ ਦੀ ਲੋੜ ਹੁੰਦੀ ਹੈ। ਲੋਕਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਵਿੱਚ ਲਗਭਗ 2-3 ਹਫ਼ਤੇ ਲੱਗਦੇ ਹਨ। ਜੇਕਰ ਤੁਸੀਂ ਅਮਰੀਕਾ ਤੋਂ ਬਾਹਰ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਰਵਾਨਾ ਹੋਣ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
- ਕੀ ਕੋਈ ਅਜਿਹਾ ਵਿਅਕਤੀ ਵੀ ਹੈ ਜਿਸ ਨੂੰ MMR ਦਾ ਟੀਕਾ ਨਹੀਂ ਲਗਵਾਉਣਾ ਚਾਹੀਦਾ?
-
ਗਰਭਵਤੀ ਮਹਿਲਾਵਾਂ, MMR ਟੀਕੇ ਦੇ ਕਿਸੇ ਵੀ ਤੱਤ ਤੋਂ ਗੰਭੀਰ ਐਲਰਜੀ ਵਾਲੇ ਲੋਕ, ਸਰਗਰਮ ਟਿਊਬਰਕਲੋਸਿਸ ਦੇ ਮਰੀਜ਼, ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਕਿਸੇ ਵੀ ਵਿਅਕਤੀ ਨੂੰ MMR ਦਾ ਟੀਕਾ ਨਹੀਂ ਲਗਵਾਉਣਾ ਚਾਹੀਦਾ।
- MMR ਟੀਕੇ ਦੇ ਕੀ ਮਾੜੇ ਪ੍ਰਭਾਵ ਹਨ?
-
ਆਮ ਮਾੜੇ ਪ੍ਰਭਾਵਾਂ ਵਿੱਚ ਟੀਕਾ ਲੱਗਣ ਵਾਲੀ ਜਗ੍ਹਾ 'ਤੇ ਲਾਲੀ ਜਾਂ ਦਰਦ ਹੋਣਾ, ਜੋੜਾਂ ਜਾਂ ਮਾਸਪੇਸ਼ੀਆਂ ਵਿੱਚ ਅਸਥਾਈ ਦਰਦ, ਹਲਕੇ ਦਾਣੇ, ਜਾਂ ਬੁਖਾਰ ਸ਼ਾਮਲ ਹਨ। ਇਹ ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ ਅਤੇ 24 ਤੋਂ 48 ਘੰਟਿਆਂ ਤੱਕ ਰਹਿੰਦੇ ਹਨ।
- ਕੀ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਵੀ ਖਸਰਾ ਹੋ ਸਕਦਾ ਹੈ?
-
ਇਹ ਟੀਕਾ 2 ਖੁਰਾਕਾਂ ਤੋਂ ਬਾਅਦ 97% ਅਸਰਦਾਰ ਹੁੰਦਾ ਹੈ, ਜਿਸਦਾ ਮਤਲਬ ਹੈ ਕਿ 100 ਵਿੱਚੋਂ 3 ਲੋਕ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਦੇ ਸਰੀਰ ਵਿੱਚ ਟੀਕੇ ਨਾਲ ਐਂਟੀਬਾਡੀਜ਼ ਨਾ ਬਣੀਆਂ ਹੋਣ ਅਤੇ ਉਨ੍ਹਾਂ ਨੂੰ ਖਸਰਾ ਹੋ ਸਕਦਾ ਹੈ। ਦਵਾਈਆਂ ਦੀ ਤਰ੍ਹਾਂ, ਟੀਕੇ ਵੀ 100% ਅਸਰਦਾਰ ਨਹੀਂ ਹੁੰਦੇ। ਕੁਝ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੇ ਸ਼ਾਇਦ ਟੀਕੇ ਪ੍ਰਤੀ ਚੰਗੀ ਪ੍ਰਤੀਕਿਰਿਆ ਨਾ ਦਿੱਤੀ ਹੋਵੇ। ਪਰ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਲੋਕ ਜੇਕਰ ਖਸਰੇ ਦੀ ਲਪੇਟ ਵਿੱਚ ਆ ਵੀ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਹਲਕੇ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਉਨ੍ਹਾਂ ਤੋਂ ਦੂਜੇ ਲੋਕਾਂ, ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਬਿਮਾਰੀ ਫੈਲਣ ਦਾ ਜੋਖਮ ਬਹੁਤ ਘੱਟ ਹੁੰਦਾ ਹੈ ਜੋ ਟੀਕਾ ਨਹੀਂ ਲਗਵਾ ਸਕਦੇ ਹਨ।
- ਜੇਕਰ ਮੈਨੂੰ ਪੱਕਾ ਪਤਾ ਨਾ ਹੋਵੇ ਕਿ ਮੇਰੇ ਅੰਦਰ ਖਸਰੇ ਤੋਂ ਬਚਾਅ ਦੀ ਸਮਰੱਥਾ ਹੈ ਜਾਂ ਨਹੀਂ, ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?
-
ਜੇਕਰ ਤੁਸੀਂ ਖਸਰੇ ਤੋਂ ਆਪਣੇ ਬਚਾਅ ਬਾਰੇ ਯਕੀਨੀ ਨਹੀਂ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਟੀਕਾਕਰਨ ਦੇ ਰਿਕਾਰਡ ਦੀ ਜਾਂਚ ਕਰੋ ਤਾਂ ਜੋ ਇਹ ਪਤਾ ਲੱਗ ਸਕੇ ਕਿ ਤੁਹਾਨੂੰ MMR (ਖਸਰਾ, ਕੰਨਪੇੜੇ ਅਤੇ ਰੂਬੇਲਾ) ਦਾ ਟੀਕਾ ਲੱਗਿਆ ਹੈ ਜਾਂ ਨਹੀਂ। ਜੇਕਰ ਬੀਤੇ ਸਮੇਂ ਵਿੱਚ ਤੁਹਾਡਾ ਖਸਰੇ ਦਾ ਟੈਸਟ ਹੋਇਆ ਸੀ, ਤਾਂ ਉਸ ਦੀ ਲੈਬ ਰਿਪੋਰਟ ਲੱਭਣ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੇ ਕੋਲ ਟੀਕਾਕਰਨ ਜਾਂ ਬਚਾਅ ਦੀ ਪੁਸ਼ਟੀ ਕਰਨ ਵਾਲਾ ਖੂਨ ਦਾ ਟੈਸਟ ਦੋਵਾਂ ਵਿੱਚੋਂ ਕਿਸੇ ਦਾ ਵੀ ਰਿਕਾਰਡ ਨਹੀਂ ਹੈ, ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ MMR ਦਾ ਟੀਕਾ ਲਗਵਾਓ। ਦੂਜੀ ਖੁਰਾਕ ਲਗਵਾਉਣ ਦਾ ਕੋਈ ਨੁਕਸਾਨ ਨਹੀਂ ਹੈ, ਭਾਵੇਂ ਤੁਹਾਡਾ ਪਹਿਲਾਂ ਟੀਕਾਕਰਨ ਹੋ ਚੁੱਕਾ ਹੋਵੇ ਪਰ ਤੁਹਾਡੇ ਕੋਲ ਉਸਦਾ ਕੋਈ ਦਸਤਾਵੇਜ਼ ਨਾ ਹੋਵੇ।
- ਮੈਨੂੰ MMR ਦਾ ਟੀਕਾ ਨਹੀਂ ਲੱਗਿਆ ਸੀ ਅਤੇ ਮੈਂ ਖਸਰੇ ਤੋਂ ਪੀੜਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆ ਗਿਆ/ਗਈ ਹਾਂ। ਕੀ ਮੈਨੂੰ ਟੀਕਾ ਲਗਵਾਉਣਾ ਚਾਹੀਦਾ ਹੈ?
-
ਹਾਂ। ਜੇਕਰ MMR ਦਾ ਟੀਕਾ ਵਾਇਰਸ ਦੇ ਸੰਪਰਕ ਵਿੱਚ ਆਉਣ ਦੇ 3 ਦਿਨਾਂ ਦੇ ਅੰਦਰ-ਅੰਦਰ ਲਗਵਾ ਲਿਆ ਜਾਵੇ, ਤਾਂ ਇਹ ਅਸਰਦਾਰ ਹੋ ਸਕਦਾ ਹੈ।
- ਜੇਕਰ ਮੈਂ ਖਸਰੇ ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ/ਆਉਂਦੀ ਹਾਂ ਅਤੇ ਮੈਂ MMR ਦਾ ਟੀਕਾ ਨਹੀਂ ਲਗਵਾ ਸਕਦਾ/ਸਕਦੀ, ਤਾਂ ਕੀ ਇਮਿਊਨ ਗਲੋਬੂਲਿਨ ਮਿਲਣਾ ਸੰਭਵ ਹੈ?
-
ਹਾਂ, ਖਸਰੇ ਵਾਲਾ ਇਮਿਊਨ ਗਲੋਬੂਲਿਨ ਗਰਭਵਤੀ ਮਹਿਲਾਵਾਂ ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜੋ MMR ਦਾ ਟੀਕਾ ਨਹੀਂ ਲਗਵਾ ਸਕਦੇ। ਇਸ ਵਿਕਲਪ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ।
- MMR ਟਾਈਟਰ ਕੀ ਹੁੰਦਾ ਹੈ?
-
ਟਾਈਟਰ ਖੂਨ ਦੀ ਇੱਕ ਜਾਂਚ ਹੈ ਜੋ ਖਾਸ ਬਿਮਾਰੀਆਂ ਦੇ ਖਿਲਾਫ਼ ਐਂਟੀਬਾਡੀਜ਼ (ਰੋਗਾਂ ਨਾਲ ਲੜਨ ਦੀ ਸਮਰੱਥਾ) ਦੀ ਜਾਂਚ ਕਰਦੀ ਹੈ। MMR ਟਾਈਟਰ ਖਸਰੇ, ਕੰਨਪੇੜੇ ਅਤੇ ਰੂਬੇਲਾ ਦੇ ਖਿਲਾਫ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਦਾ ਹੈ।
- ਕੀ ਮੈਨੂੰ ਖਸਰੇ ਦੇ ਖਿਲਾਫ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨ ਲਈ ਖੂਨ ਦਾ ਟੈਸਟ ਕਰਵਾਉਣਾ ਚਾਹੀਦਾ ਹੈ?
-
CDC ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਦਾ ਪਤਾ ਲਗਾਉਣ ਲਈ MMR ਦਾ ਟੀਕਾ ਲਗਵਾਉਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਖਸਰੇ ਦੇ ਐਂਟੀਬਾਡੀ ਟੈਸਟ ਦੀ ਸਿਫ਼ਾਰਸ਼ ਨਹੀਂ ਕਰਦਾ। ਜਦੋਂ ਲੋਕ MMR ਦੇ 2 ਟੀਕੇ ਲਗਵਾ ਲੈਂਦੇ ਹਨ, ਤਾਂ ਉਨ੍ਹਾਂ ਵਿੱਚੋਂ 97% ਲੋਕ ਖਸਰੇ ਤੋਂ ਸੁਰੱਖਿਅਤ ਹੋ ਜਾਂਦੇ ਹਨ, ਇਸ ਲਈ ਐਂਟੀਬਾਡੀ ਟੈਸਟ ਦੀ ਲੋੜ ਨਹੀਂ ਹੁੰਦੀ ਹੈ। ਉਹ ਮਰੀਜ਼ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਜਾਂ ਜਿਨ੍ਹਾਂ ਕੋਲ ਰੋਗ ਪ੍ਰਤੀਰੋਧਕ ਸਮਰੱਥਾ ਦਾ ਕੋਈ ਰਿਕਾਰਡ ਨਹੀਂ ਹੈ, ਉਨ੍ਹਾਂ ਨੂੰ MMR ਟੀਕੇ ਦੀ 1 ਜਾਂ ਵੱਧ ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਕੀ MMR ਟੀਕੇ ਨਾਲ ਔਟਿਜ਼ਮ ਹੁੰਦਾ ਹੈ?
-
ਨਹੀਂ। ਅਜਿਹਾ ਕੋਈ ਵੀ ਵਿਗਿਆਨਕ ਸਬੂਤ ਨਹੀਂ ਹੈ ਕਿ ਕੋਈ ਵੀ ਟੀਕਾ ਔਟਿਜ਼ਮ ਦਾ ਕਾਰਨ ਬਣਦਾ ਹੈ। ਇਸ ਬਾਰੇ ਕਈ ਅਧਿਐਨ ਅਤੇ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਉਨ੍ਹਾਂ ਸਾਰਿਆਂ ਵਿੱਚ ਟੀਕਿਆਂ ਅਤੇ ਔਟਿਜ਼ਮ ਵਿਚਕਾਰ ਕੋਈ ਵੀ ਸੰਬੰਧ ਨਹੀਂ ਪਾਇਆ ਗਿਆ ਹੈ।
MMR ਟੀਕਾ ਖਸਰੇ ਦੇ ਖਤਰਨਾਕ ਸੰਕਰਮਣ ਤੋਂ ਬਚਾਉਂਦਾ ਹੈ ਅਤੇ ਜਾਨਾਂ ਬਚਾਉਂਦਾ ਹੈ। ਇਸ ਦੀ ਸੁਰੱਖਿਆ ਲਈ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ ਅਤੇ ਇਹ ਖਸਰੇ, ਕੰਨਪੇੜੇ ਅਤੇ ਰੂਬੇਲਾ ਦੇ ਖਿਲਾਫ਼ ਸਾਡਾ ਸਭ ਤੋਂ ਵਧੀਆ ਸੁਰੱਖਿਆ ਕਵਚ ਹੈ।
ਹੋਰ ਜਾਣਕਾਰੀ ਲਈ, ਵੈਕਸੀਨ ਅਤੇ ਔਟਿਜ਼ਮ, Children's Hospital of Philadelphia ਦੇਖੋ (ਅੰਗਰੇਜ਼ੀ ਵਿੱਚ)।
- ਮੇਰੇ ਪਰਿਵਾਰ ਨੂੰ ਯਕੀਨ ਨਹੀਂ ਹੈ ਕਿ ਟੀਕੇ ਸੁਰੱਖਿਅਤ ਹਨ। ਮੈਂ ਉਨ੍ਹਾਂ ਨੂੰ ਅਜਿਹਾ ਕੀ ਕਹਾਂ ਜਿਸ ਨਾਲ ਉਹ MMR ਦਾ ਟੀਕਾ ਲਗਵਾਉਣ ਲਈ ਤਿਆਰ ਹੋ ਜਾਣ?
-
ਟੀਕਿਆਂ ਬਾਰੇ ਦੁਵਿਧਾ ਵਿੱਚ ਪਏ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਲਈ ਸਮਾਂ ਕੱਢ ਕੇ ਉਨ੍ਹਾਂ ਦੀਆਂ ਖ਼ਾਸ ਚਿੰਤਾਵਾਂ ਨੂੰ ਧਿਆਨ ਨਾਲ ਸੁਣਨ ਅਤੇ ਸਮਝਣ ਦੀ ਲੋੜ ਹੁੰਦੀ ਹੈ। ਤੁਸੀਂ ਪਰਿਵਾਰ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਦੇ ਸਕਦੇ ਹੋ ਕਿ ਤੁਸੀਂ ਖ਼ੁਦ ਟੀਕਾ ਕਿਉਂ ਲਗਵਾਉਂਦੇ ਹੋ ਅਤੇ ਟੀਕਾਕਰਨ ਕਰਵਾਉਣ ਦੇ ਕੀ ਕਾਰਨ ਹਨ। ਉਦਾਹਰਨ ਲਈ, ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਖਸਰਾ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਬਿਮਾਰੀ ਹੈ ਅਤੇ ਇਹ ਬੱਚਿਆਂ ਨੂੰ ਬਹੁਤ ਜ਼ਿਆਦਾ ਬਿਮਾਰ ਕਰ ਸਕਦੀ ਹੈ, ਜਿਵੇਂ ਕਿ ਨਿਮੋਨੀਆ ਹੋਣਾ, ਦਿਮਾਗ ਵਿੱਚ ਸੋਜ ਆਉਣਾ, ਬੋਲਾਪਣ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਟੀਕਾ ਨਾ ਲਗਵਾਉਣ ਵਾਲੇ ਲਗਭਗ 5 ਵਿੱਚੋਂ 1 ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਲੋੜ ਪੈਂਦੀ ਹੈ।
- MMR ਟੀਕਾ 1970 ਦੇ ਦਹਾਕੇ ਤੋਂ ਮਾਨਤਾ ਪ੍ਰਾਪਤ ਹੈ। ਕਈ ਸਾਲਾਂ ਤੋਂ ਇਸਦੀ ਸੁਰੱਖਿਆ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਹਲਕੇ ਮਾੜੇ ਪ੍ਰਭਾਵ ਹੀ ਦੇਖਣ ਨੂੰ ਮਿਲੇ ਹਨ।
- ਕਈ ਵੱਡੇ ਅਧਿਐਨਾਂ ਤੋਂ ਇਹ ਸਾਹਮਣੇ ਆਇਆ ਹੈ ਕਿ MMR ਟੀਕੇ ਅਤੇ ਔਟਿਜ਼ਮ ਵਿਚਕਾਰ ਕੋਈ ਸੰਬੰਧ ਨਹੀਂ ਹੈ। ਔਟਿਜ਼ਮ ਸਪੈਕਟ੍ਰਮ ਡਿਸਆਰਡਰ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਹੈ, ਪਰ ਇਸ ਵਿੱਚ ਜੈਨੇਟਿਕਸ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਔਟਿਜ਼ਮ ਜਨਮ ਤੋਂ ਪਹਿਲਾਂ ਜਾਂ ਬਚਪਨ ਵਿੱਚ ਹੀ ਵਿਕਸਿਤ ਹੋ ਜਾਂਦਾ ਹੈ।
- MMR ਟੀਕਾ ਖਸਰਾ, ਕੰਨਪੇੜੇ, ਅਤੇ ਰੂਬੇਲਾ ਤੋਂ ਬਚਣ ਲਈ ਸਭ ਤੋਂ ਵਧੀਆ ਤਰੀਕਾ ਹੈ। ਖਸਰੇ ਦੇ ਸੰਕਰਮਣ ਤੋਂ ਬਚਣ ਲਈ ਇਸ ਦੀ 1 ਖੁਰਾਕ 93% ਅਤੇ 2 ਖੁਰਾਕਾਂ 97% ਤੱਕ ਅਸਰਦਾਰ ਹੁੰਦੀਆਂ ਹਨ।
- ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਤਾਕਤ ਨੂੰ ਬਣਾਈ ਰੱਖਣ ਅਤੇ ਇਹਨਾਂ ਗੰਭੀਰ ਸਿਹਤ ਜੋਖਮਾਂ ਤੋਂ ਬਚਣ ਲਈ ਟੀਕਾਕਰਨ ਸਭ ਤੋਂ ਵਧੀਆ ਸੁਰੱਖਿਆ ਕਵਚ ਹੈ।
- ਇੱਕ ਮਦਦਗਾਰ ਸਰੋਤ: ਟੀਕਾਕਰਨ ਬਾਰੇ ਸਾਡੀ ਸਰਲ ਭਾਸ਼ਾ ਵਾਲੀ ਪੁਸਤਿਕਾ ਜ਼ਰੂਰ ਦੇਖੋ।
ਬੱਚਿਆਂ ਲਈ MMR ਟੀਕਾ
- ਮੇਰੇ ਬੱਚੇ ਨੂੰ MMR ਦਾ ਟੀਕਾ ਕਦੋਂ ਲੱਗਣਾ ਚਾਹੀਦਾ ਹੈ?
-
ਜ਼ਿੰਦਗੀ ਭਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਕਰਨ ਲਈ ਬੱਚਿਆਂ ਨੂੰ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ। ਪਹਿਲੀ ਖੁਰਾਕ 12-15 ਮਹੀਨਿਆਂ ਦੀ ਉਮਰ ਵਿੱਚ ਅਤੇ ਦੂਜੀ ਖੁਰਾਕ 4-6 ਸਾਲ ਦੀ ਉਮਰ ਵਿੱਚ ਲਗਾਈ ਜਾਣੀ ਚਾਹੀਦੀ ਹੈ।
- ਕੀ ਮੇਰੇ ਬੱਚੇ ਨੂੰ 12 ਮਹੀਨਿਆਂ ਤੋਂ ਪਹਿਲਾਂ MMR ਦਾ ਟੀਕਾ ਲੱਗ ਸਕਦਾ ਹੈ?
-
ਹਾਂ, ਖਾਸ ਸਥਿਤੀਆਂ ਵਿੱਚ - 6-11 ਮਹੀਨਿਆਂ ਦੀ ਉਮਰ ਦੇ ਬੱਚਿਆਂ ਨੂੰ ਖਸਰੇ ਦੇ ਫੈਲਾਅ ਦੌਰਾਨ, ਅੰਤਰਰਾਸ਼ਟਰੀ ਯਾਤਰਾ ਤੋਂ ਪਹਿਲਾਂ ਜਾਂ ਸੰਯੁਕਤ ਰਾਜ ਅਮਰੀਕਾ ਦੇ ਕਿਸੇ ਅਜਿਹੇ ਖੇਤਰ ਦੀ ਯਾਤਰਾ ਕਰਨ ਤੋਂ ਪਹਿਲਾਂ 1 ਖੁਰਾਕ ਲਗਾਈ ਜਾ ਸਕਦੀ ਹੈ ਜਿੱਥੇ ਖਸਰਾ ਫੈਲਿਆ ਹੋਇਆ ਹੋਵੇ। ਜੇਕਰ ਤੁਹਾਡੇ ਬੱਚੇ ਨੂੰ 12 ਮਹੀਨਿਆਂ ਦੀ ਉਮਰ ਤੋਂ ਪਹਿਲਾਂ MMR ਦਾ ਟੀਕਾ ਲਗਾਇਆ ਜਾਂਦਾ ਹੈ, ਤਾਂ ਇਹ ਯਕੀਨੀ ਬਣਾਓ ਕਿ ਬੱਚੇ ਨੂੰ 2 ਹੋਰ ਟੀਕੇ ਜ਼ਰੂਰ ਲੱਗਣ ਤਾਂ ਜੋ ਉਹ ਖਸਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੋ ਸਕੇ।
- ਮੇਰੇ ਭਾਈਚਾਰੇ ਵਿੱਚ ਖਸਰਾ ਫੈਲਿਆ ਹੋਇਆ ਹੈ। ਕੀ ਮੇਰੇ ਬੱਚੇ ਨੂੰ ਟੀਕਾ ਲਗਾਇਆ ਜਾ ਸਕਦਾ ਹੈ ਜੇਕਰ ਉਸਦੀ ਉਮਰ 12 ਮਹੀਨਿਆਂ ਤੋਂ ਘੱਟ ਹੈ?
-
6 ਮਹੀਨੇ ਤੱਕ ਦੇ ਛੋਟੇ ਬੱਚਿਆਂ ਨੂੰ ਵੀ ਸੁਰੱਖਿਅਤ ਤਰੀਕੇ ਨਾਲ MMR ਦਾ ਟੀਕਾ ਲਗਾਇਆ ਜਾ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਵਿੱਚ ਖਸਰਾ ਫੈਲਿਆ ਹੋਇਆ ਹੈ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਤੋਂ ਪਤਾ ਕਰੋ ਕਿ ਕੀ ਉਹ 12 ਮਹੀਨਿਆਂ ਦੀ ਉਮਰ ਤੋਂ ਪਹਿਲਾਂ MMR ਟੀਕਾ ਲਗਵਾਉਣ ਦੀ ਸਿਫ਼ਾਰਸ਼ ਕਰਦੇ ਹਨ। ਇਨ੍ਹਾਂ ਬੱਚਿਆਂ ਨੂੰ ਖਸਰੇ ਤੋਂ ਬਚਾਅ ਲਈ 12 ਮਹੀਨਿਆਂ ਦੀ ਉਮਰ ਤੋਂ ਸ਼ੁਰੂ ਕਰਕੇ MMR ਟੀਕੇ ਦੀਆਂ 2 ਹੋਰ ਵਾਧੂ ਖੁਰਾਕਾਂ ਲਗਵਾਉਣ ਦੀ ਲੋੜ ਹੋਵੇਗੀ।
- ਮੇਰੇ ਬੱਚੇ ਨੂੰ MMR ਦਾ ਪਹਿਲਾ ਟੀਕਾ ਲੱਗਣ ਤੋਂ ਕਿੰਨੀ ਦੇਰ ਬਾਅਦ ਦੂਜਾ ਟੀਕਾ ਲੱਗ ਸਕਦਾ ਹੈ?
-
MMR ਟੀਕੇ ਦੀ ਦੂਜੀ ਖੁਰਾਕ ਆਮ ਤੌਰ 'ਤੇ 4-6 ਸਾਲ ਦੀ ਉਮਰ ਵਿੱਚ ਲਗਾਈ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ ਅਮਰੀਕਾ ਤੋਂ ਬਾਹਰ ਯਾਤਰਾ ਕਰ ਰਹੇ ਹੋ ਜਾਂ ਜੇਕਰ ਤੁਹਾਡਾ ਬੱਚਾ ਖਸਰੇ ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ, ਤਾਂ ਪਹਿਲੀ ਖੁਰਾਕ ਲਗਵਾਉਣ ਤੋਂ ਘੱਟੋ-ਘੱਟ 28 ਦਿਨ ਬੀਤ ਜਾਣ ਤੋਂ ਬਾਅਦ ਦੂਜੀ ਖੁਰਾਕ ਲਗਵਾਉਣੀ ਸੁਰੱਖਿਅਤ ਹੈ।
- ਕੀ ਮੇਰੇ ਬੱਚੇ ਲਈ ਟੀਕਾ ਲਗਵਾਉਣ ਨਾਲੋਂ ਬਿਮਾਰੀ ਹੋਣਾ ਜ਼ਿਆਦਾ ਬਿਹਤਰ ਹੈ?
-
MMR ਟੀਕਾ ਖਸਰਾ, ਕੰਨਪੇੜੇ, ਅਤੇ ਰੂਬੇਲਾ ਤੋਂ ਬਚਾਅ ਲਈ ਸਾਡਾ ਸਭ ਤੋਂ ਵਧੀਆ ਸੁਰੱਖਿਆ ਕਵਚ ਹੈ। ਇਸਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੀ ਲਗਾਤਾਰ ਨਿਗਰਾਨੀ ਕੀਤੀ ਜਾਂਦੀ ਹੈ, ਅਤੇ ਇਸਦੇ ਫਾਇਦੇ ਕਿਸੇ ਵੀ ਸੰਭਾਵਿਤ ਜੋਖਮਾਂ ਨਾਲੋਂ ਕਿਤੇ ਜ਼ਿਆਦਾ ਹਨ। ਜਦੋਂ ਤੋਂ MMR ਟੀਕਾ ਤਿਆਰ ਕੀਤਾ ਗਿਆ ਹੈ, ਉਦੋਂ ਤੋਂ ਅਮਰੀਕਾ ਵਿੱਚ ਇਸ ਦੀਆਂ ਕਰੋੜਾਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਅਤੇ ਸੁਰੱਖਿਆ ਦੇ ਮਾਮਲੇ ਵਿੱਚ ਇਸ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ।
ਖਸਰਾ ਇੱਕ ਗੰਭੀਰ ਬਿਮਾਰੀ ਹੋ ਸਕਦੀ ਹੈ, ਜਿਸ ਵਿੱਚ ਹਰ 3 ਵਿੱਚੋਂ 1 ਵਿਅਕਤੀ ਨੂੰ 1 ਜਾਂ ਵੱਧ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਸਰੇ ਦੇ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਬਹੁਤ ਛੋਟੇ ਬੱਚਿਆਂ (5 ਸਾਲ ਤੋਂ ਘੱਟ ਉਮਰ), 20 ਸਾਲ ਤੋਂ ਵੱਧ ਉਮਰ ਦੇ ਲੋਕਾਂ, ਗਰਭਵਤੀ ਮਹਿਲਾਵਾਂ, ਜਾਂ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਵਿੱਚ ਵਧੇਰੇ ਆਮ ਹਨ। ਸੰਯੁਕਤ ਰਾਜ ਅਮਰੀਕਾ ਵਿੱਚ ਖਸਰੇ ਨਾਲ ਪੀੜਤ ਹਰ 1,000 ਲੋਕਾਂ ਵਿੱਚੋਂ 1 ਤੋਂ 3 ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ।
ਖਸਰੇ ਦੀਆਂ ਸਭ ਤੋਂ ਆਮ ਸਮੱਸਿਆਵਾਂ ਵਿੱਚ ਕੰਨ ਦਾ ਸੰਕਰਮਣ (ਹਰ 10 ਵਿੱਚੋਂ 1 ਬੱਚਾ) ਅਤੇ ਦਸਤ (10 ਵਿੱਚੋਂ 1 ਤੋਂ ਘੱਟ ਵਿਅਕਤੀ) ਸ਼ਾਮਲ ਹਨ। ਨਿਮੋਨੀਆ (ਹਰ 20 ਵਿੱਚੋਂ 1 ਬੱਚਾ) ਖਸਰੇ ਦੇ ਕਾਰਨ ਹੋਣ ਵਾਲੀ ਮੌਤ ਦਾ ਸਭ ਤੋਂ ਆਮ ਕਾਰਨ ਹੈ। ਸੰਕਰਮਿਤ ਲੋਕਾਂ ਵਿੱਚੋਂ ਲਗਭਗ 1,000 ਵਿੱਚੋਂ 1 ਵਿਅਕਤੀ ਨੂੰ ਐਕਿਊਟ ਐਂਸੇਫਲਾਈਟਿਸ ਹੋ ਸਕਦਾ ਹੈ, ਜੋ ਕਿ ਦਿਮਾਗ ਦੀ ਸੋਜ ਹੁੰਦੀ ਹੈ ਜਿਸ ਨਾਲ ਦਿਮਾਗ ਨੂੰ ਸਥਾਈ ਨੁਕਸਾਨ ਪਹੁੰਚ ਸਕਦਾ ਹੈ।
- ਮੇਰੇ ਬੱਚੇ ਨੂੰ ਅੰਡੇ ਤੋਂ ਐਲਰਜੀ ਹੈ: ਕੀ ਉਸਨੂੰ MMR ਟੀਕਾ ਲਗਵਾਉਣਾ ਸੁਰੱਖਿਅਤ ਹੈ?
-
ਹਾਂ, ਅੰਡੇ ਤੋਂ ਐਲਰਜੀ ਵਾਲੇ ਬੱਚਿਆਂ ਨੂੰ MMR ਟੀਕਾ ਲਗਵਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ MMR ਟੀਕਾ ਉਨ੍ਹਾਂ ਬੱਚਿਆਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਿਨ੍ਹਾਂ ਨੂੰ ਅੰਡੇ ਤੋਂ ਬਹੁਤ ਜ਼ਿਆਦਾ ਐਲਰਜੀ ਹੁੰਦੀ ਹੈ। American Academy of Pediatrics ਅਤੇ ਫੈਡਰਲ Advisory Committee on Immunization Practices (ACIP, ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜ਼ੇਸ਼ਨ ਪ੍ਰੈਕਟਿਸਿਸ) ਦੋਵੇਂ ਹੀ ਬੱਚਿਆਂ ਨੂੰ MMR ਟੀਕਾ ਲਗਵਾਉਣ ਦੀ ਸਿਫ਼ਾਰਸ਼ ਕਰਦੇ ਹਨ, ਭਾਵੇਂ ਉਨ੍ਹਾਂ ਨੂੰ ਅੰਡੇ ਦੀ ਐਲਰਜੀ ਹੀ ਕਿਉਂ ਨਾ ਹੋਵੇ।
- ਮੇਰੇ ਬੱਚੇ ਨੂੰ MMR ਦਾ ਟੀਕਾ ਲੱਗਿਆ ਸੀ ਅਤੇ ਉਸ ਦੇ ਸਰੀਰ 'ਤੇ ਦਾਣੇ ਨਿਕਲ ਆਏ ਹਨ। ਕੀ ਟੀਕੇ ਕਾਰਨ ਮੇਰੇ ਬੱਚੇ ਨੂੰ ਖਸਰਾ ਹੋ ਗਿਆ ਹੈ?
-
MMR ਟੀਕਾ ਲਗਵਾਉਣ ਵਾਲੇ ਲਗਭਗ 5 ਫ਼ੀਸਦੀ ਲੋਕਾਂ ਦੇ ਸਰੀਰ 'ਤੇ ਹਲਕੇ ਦਾਣੇ ਨਿਕਲ ਆਉਂਦੇ ਹਨ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਹ ਦਾਣੇ ਆਮ ਤੌਰ 'ਤੇ ਟੀਕਾਕਰਨ ਦੇ 7 ਤੋਂ 12 ਦਿਨਾਂ ਬਾਅਦ ਦਿਖਾਈ ਦਿੰਦੇ ਹਨ। ਇਹ ਦਾਣੇ ਕੋਈ ਸੰਕਰਮਣ ਨਹੀਂ ਹਨ ਅਤੇ ਦੂਜਿਆਂ ਵਿੱਚ ਨਹੀਂ ਫੈਲ ਸਕਦੇ। ਟੀਕੇ ਦੇ ਵਾਇਰਸ ਟੀਕਾਕਰਨ ਕਰਵਾ ਚੁੱਕੇ ਕਿਸੇ ਵਿਅਕਤੀ ਤੋਂ ਦੂਜਿਆਂ ਵਿੱਚ ਨਹੀਂ ਫੈਲਦੇ, ਭਾਵੇਂ ਉਸ ਦੇ ਸਰੀਰ 'ਤੇ ਦਾਣੇ ਹੀ ਕਿਉਂ ਨਾ ਨਿਕਲ ਆਏ ਹੋਣ। ਬੱਚੇ ਨੂੰ ਸਕੂਲ ਜਾਣ ਤੋਂ ਰੋਕਣ ਵਰਗੀਆਂ ਕੋਈ ਖਾਸ ਸਾਵਧਾਨੀਆਂ ਦੀ ਲੋੜ ਨਹੀਂ ਹੁੰਦੀ ਹੈ।
ਵਿਅਸਕਾਂ ਲਈ MMR ਟੀਕਾ
- ਕੀ ਉਨ੍ਹਾਂ ਵਿਅਸਕਾਂ ਨੂੰ ਬੂਸਟਰ ਖੁਰਾਕ ਦੀ ਲੋੜ ਹੈ ਜਿਨ੍ਹਾਂ ਨੂੰ ਪਹਿਲਾਂ ਹੀ MMR ਟੀਕਾ ਲੱਗ ਚੁੱਕਾ ਹੈ?
-
ਟੀਕਾਕਰਨ ਕਰਵਾ ਚੁੱਕੇ ਜ਼ਿਆਦਾਤਰ ਵਿਅਸਕ ਖਸਰੇ ਤੋਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਬੂਸਟਰ ਦੀ ਲੋੜ ਨਹੀਂ ਹੁੰਦੀ ਹੈ। ਆਪਣੇ ਟੀਕਾਕਰਨ ਰਿਕਾਰਡ ਵਿੱਚ MMR ਟੀਕੇ ਦੀ ਜਾਂਚ ਕਰੋ। ਜੇਕਰ ਤੁਹਾਡਾ ਜਨਮ 1957 ਤੋਂ ਪਹਿਲਾਂ ਹੋਇਆ ਸੀ, ਤਾਂ ਸੰਭਾਵਨਾ ਹੈ ਕਿ ਤੁਹਾਨੂੰ ਖਸਰੇ ਦੀ ਬਿਮਾਰੀ ਹੋ ਚੁੱਕੀ ਹੈ ਅਤੇ ਤੁਹਾਡੇ ਅੰਦਰ ਉਮਰ ਭਰ ਲਈ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਹੋ ਗਈ ਹੈ, ਇਸ ਲਈ ਤੁਹਾਨੂੰ MMR ਟੀਕਿਆਂ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਜਾਂ ਟੀਕਾਕਰਨ ਦੀ ਸਥਿਤੀ ਬਾਰੇ ਪੱਕੇ ਨਹੀਂ ਹੋ, ਤਾਂ MMR ਟੀਕਾ ਲਗਵਾਉਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
- ਕਿਸ ਵਿਅਸਕ ਨੂੰ “ਉੱਚ ਜੋਖਮ” ਵਾਲਾ ਮੰਨਿਆ ਜਾਂਦਾ ਹੈ ਜਿਸ ਨੂੰ MMR ਦੇ 2 ਟੀਕਿਆਂ ਦੀ ਲੋੜ ਹੁੰਦੀ ਹੈ?
-
ਕਾਲਜ ਜਾਂ ਹਾਈ ਸਕੂਲ ਤੋਂ ਬਾਅਦ ਦੀਆਂ ਹੋਰ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀ, ਸਿਹਤ ਸੰਭਾਲ ਕਰਮਚਾਰੀ ਅਤੇ ਅੰਤਰਰਾਸ਼ਟਰੀ ਯਾਤਰੀ।
- ਮੈਂ ਕਾਲਜ ਦਾ/ਦੀ ਵਿਦਿਆਰਥੀ/ਵਿਦਿਆਰਥਣ ਹਾਂ ਅਤੇ ਮੇਰੇ ਕੋਲ ਟੀਕਾਕਰਨ ਦਾ ਰਿਕਾਰਡ ਨਹੀਂ ਹੈ। ਮੇਰੇ ਟਾਈਟਰ ਦੇ ਨਤੀਜੇ ਦਿਖਾਉਂਦੇ ਹਨ ਕਿ ਮੈਂ ਰੂਬੇਲਾ ਅਤੇ ਕੰਨਪੇੜੇ ਤੋਂ ਸੁਰੱਖਿਅਤ ਹਾਂ, ਪਰ ਖਸਰੇ ਤੋਂ ਨਹੀਂ। ਮੈਨੂੰ ਕਿਸ ਕਿਸਮ ਦਾ ਟੀਕਾ ਲਗਵਾਉਣਾ ਚਾਹੀਦਾ ਹੈ?
-
ਅਮਰੀਕਾ ਵਿੱਚ ਖਸਰੇ, ਕੰਨਪੇੜੇ, ਜਾਂ ਰੂਬੇਲਾ ਦੇ ਵੱਖੋ-ਵੱਖਰੇ ਟੀਕੇ ਹੁਣ ਉਪਲਬਧ ਨਹੀਂ ਹਨ। ਤੁਹਾਨੂੰ ਇਨ੍ਹਾਂ ਦਾ ਸਾਂਝਾ MMR ਟੀਕਾ ਹੀ ਲਗਵਾਉਣਾ ਪਵੇਗਾ। ਕਾਲਜ ਦੇ ਵਿਦਿਆਰਥੀਆਂ ਵਿੱਚ ਖਸਰੇ ਦੀ ਬਿਮਾਰੀ ਫੈਲਣ ਦਾ ਜੋਖਮ ਜ਼ਿਆਦਾ ਹੁੰਦਾ ਹੈ, ਇਸ ਲਈ ਤੁਹਾਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਮੇਰਾ ਜਨਮ 1957 ਤੋਂ ਪਹਿਲਾਂ ਹੋਇਆ ਸੀ, ਕੀ ਮੈਨੂੰ ਹਾਲੇ ਵੀ MMR ਟੀਕਾ ਲਗਵਾਉਣ ਦੀ ਲੋੜ ਹੈ?
-
ਨਹੀਂ। ਜੇਕਰ ਤੁਹਾਡਾ ਜਨਮ 1957 ਤੋਂ ਪਹਿਲਾਂ ਹੋਇਆ ਸੀ, ਤਾਂ ਤੁਹਾਨੂੰ ਖਸਰੇ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਹਿਲਾ ਟੀਕਾ ਬਣਨ ਤੋਂ ਪਹਿਲਾਂ ਤੁਸੀਂ ਖਸਰੇ ਦੀ ਮਹਾਮਾਰੀ ਦੇ ਕਈ ਸਾਲਾਂ ਦੇ ਦੌਰ ਵਿੱਚੋਂ ਲੰਘੇ ਹੋ ਅਤੇ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਹਾਨੂੰ ਇਹ ਬਿਮਾਰੀ ਪਹਿਲਾਂ ਹੀ ਹੋ ਚੁੱਕੀ ਹੈ।
- ਮੇਰਾ ਜਨਮ 1957 ਤੋਂ ਪਹਿਲਾਂ ਹੋਇਆ ਸੀ ਅਤੇ ਮੇਰੇ ਖੂਨ ਦੀ ਜਾਂਚ ਵਿੱਚ ਖਸਰੇ ਦੀ ਰਿਪੋਰਟ ਨੈਗੇਟਿਵ ਆਈ ਹੈ। ਕੀ ਮੈਨੂੰ ਹੁਣ MMR ਟੀਕਾ ਲਗਵਾਉਣਾ ਚਾਹੀਦਾ ਹੈ?
-
1957 ਤੋਂ ਪਹਿਲਾਂ ਜਨਮੇ ਲੋਕਾਂ ਨੂੰ ਖਸਰੇ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ। ਹਾਲਾਂਕਿ, ਜੇਕਰ ਤੁਹਾਡੇ ਖੂਨ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਖਸਰੇ ਤੋਂ ਸੁਰੱਖਿਅਤ ਨਹੀਂ ਹੋ, ਤਾਂ ਤੁਸੀਂ MMR ਟੀਕੇ ਦੀਆਂ 1 ਜਾਂ ਇਸ ਤੋਂ ਵੱਧ ਖੁਰਾਕਾਂ ਲਗਵਾ ਸਕਦੇ ਹੋ।
- ਮੈਂ ਇੱਕ ਸਿਹਤ ਸੰਭਾਲ ਕਰਮਚਾਰੀ ਹਾਂ ਅਤੇ ਮੇਰਾ ਜਨਮ 1957 ਤੋਂ ਪਹਿਲਾਂ ਹੋਇਆ ਸੀ। ਮੈਨੂੰ MMR ਟੀਕੇ ਦੀਆਂ ਕਿੰਨੀਆਂ ਖੁਰਾਕਾਂ ਲਗਵਾਉਣ ਦੀ ਲੋੜ ਹੈ?
-
ਹਾਲਾਂਕਿ 1957 ਤੋਂ ਪਹਿਲਾਂ ਜਨਮੇ ਲੋਕਾਂ ਨੂੰ ਖਸਰੇ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਸਿਹਤ ਸੰਭਾਲ ਕਰਮਚਾਰੀ ਉੱਚ-ਜੋਖਮ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ। ਜੇਕਰ ਤੁਹਾਡੇ ਇਲਾਕੇ ਵਿੱਚ ਖਸਰਾ ਨਹੀਂ ਫੈਲਿਆ ਹੋਇਆ ਹੈ, ਤਾਂ ਵੀ ਤੁਸੀਂ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣ ਬਾਰੇ ਵਿਚਾਰ ਕਰ ਸਕਦੇ ਹੋ। ਬਿਮਾਰੀ ਫੈਲਣ ਦੌਰਾਨ, ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਸਾਰੇ ਸਿਹਤ ਸੰਭਾਲ ਕਰਮਚਾਰੀ MMR ਟੀਕੇ ਦੀਆਂ 2 ਖੁਰਾਕਾਂ ਜ਼ਰੂਰ ਲਗਵਾਉਣ, ਜਿਸ ਵਿੱਚ 1957 ਤੋਂ ਪਹਿਲਾਂ ਜਨਮੇ ਲੋਕ ਵੀ ਸ਼ਾਮਿਲ ਹਨ।
- ਮੈਨੂੰ ਦੱਸਿਆ ਗਿਆ ਸੀ ਕਿ ਬਚਪਨ ਵਿੱਚ ਮੈਨੂੰ ਖਸਰਾ ਹੋਇਆ ਸੀ। ਕੀ ਮੈਂ ਸੁਰੱਖਿਅਤ ਹਾਂ ਜਾਂ ਮੈਨੂੰ ਟੀਕਾ ਲਗਵਾਉਣ ਦੀ ਲੋੜ ਹੈ?
-
ਜੇਕਰ ਤੁਹਾਡੇ ਕੋਲ ਲੈਬ ਦੀ ਅਜਿਹੀ ਰਿਪੋਰਟ ਹੈ ਜੋ ਇਹ ਦਿਖਾਉਂਦੀ ਹੈ ਕਿ ਤੁਹਾਨੂੰ ਖਸਰੇ ਦਾ ਸੰਕਰਮਣ ਹੋਇਆ ਸੀ, ਤਾਂ ਤੁਹਾਨੂੰ ਟੀਕਾ ਲਗਵਾਉਣ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਕੋਲ ਖਸਰੇ ਦੇ ਸੰਕਰਮਣ, ਖੂਨ ਦੀ ਜਾਂਚ ਰਾਹੀਂ ਖਸਰੇ ਦੇ ਐਂਟੀਬਾਡੀਜ਼, ਜਾਂ MMR ਦੇ ਟੀਕਾਕਰਨ ਦਾ ਕੋਈ ਦਸਤਾਵੇਜ਼ ਨਹੀਂ ਹੈ, ਤਾਂ ਤੁਹਾਨੂੰ MMR ਟੀਕਾ ਲਗਵਾਉਣਾ ਚਾਹੀਦਾ ਹੈ।
- ਮੇਰੇ ਕੋਲ ਆਪਣਾ ਟੀਕਾਕਰਨ ਰਿਕਾਰਡ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ MMR ਟੀਕਾ ਲਗਵਾਇਆ ਹੋਇਆ ਹੈ। ਮੈਨੂੰ MMR ਟੀਕੇ ਦੀਆਂ ਕਿੰਨੀਆਂ ਖੁਰਾਕਾਂ ਲਗਵਾਉਣ ਦੀ ਲੋੜ ਹੈ?
-
ਜੇਕਰ ਤੁਹਾਡੇ ਕੋਲ ਪਹਿਲਾਂ ਲੱਗੇ MMR ਟੀਕੇ ਜਾਂ ਰੋਗ ਪ੍ਰਤੀਰੋਧਕ ਸਮਰੱਥਾ ਦਾ ਕੋਈ ਦਸਤਾਵੇਜ਼ ਨਹੀਂ ਹੈ, ਤਾਂ ਹੇਠਾਂ ਦਿੱਤੀਆਂ ਸਿਫ਼ਾਰਸ਼ਾਂ ਦੀ ਪਾਲਣਾ ਕਰੋ।
1957 ਜਾਂ ਉਸ ਤੋਂ ਬਾਅਦ ਜਨਮੇ ਉਹ ਵਿਅਸਕ ਜੋ ਘੱਟ ਜੋਖ਼ਮ ਵਾਲੇ ਹਨ (ਯਾਨੀ ਕਿ ਉਹ ਅੰਤਰਰਾਸ਼ਟਰੀ ਯਾਤਰੀ, ਸਿਹਤ ਸੰਭਾਲ ਕਰਮਚਾਰੀ, ਜਾਂ ਕਾਲਜ/ਵੋਕੇਸ਼ਨਲ ਪ੍ਰੋਗਰਾਮਸ ਕਰਨ ਵਾਲੇ ਵਿਦਿਆਰਥੀ ਨਹੀਂ ਹਨ), ਉਨ੍ਹਾਂ ਨੂੰ MMR ਟੀਕੇ ਦੀ 1 ਖੁਰਾਕ ਲਗਵਾਉਣੀ ਚਾਹੀਦੀ ਹੈ।
ਉੱਚ-ਜੋਖਮ ਵਾਲੇ ਵਿਅਸਕਾਂ, ਜਿਵੇਂ ਕਿ ਸਿਹਤ ਸੰਭਾਲ ਕਰਮਚਾਰੀਆਂ, 1957 ਜਾਂ ਉਸ ਤੋਂ ਬਾਅਦ ਪੈਦਾ ਹੋਏ ਅੰਤਰਰਾਸ਼ਟਰੀ ਯਾਤਰੀਆਂ, ਅਤੇ ਕਾਲਜ/ਵੋਕੇਸ਼ਨਲ ਪ੍ਰੋਗਰਾਮਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਮੈਨੂੰ 1963-1967 ਦੇ ਵਿਚਕਾਰ ਖਸਰੇ ਦਾ ਟੀਕਾ ਲਗਵਾਇਆ ਗਿਆ ਸੀ, ਪਰ ਮੈਨੂੰ ਇਹ ਪੱਕਾ ਪਤਾ ਨਹੀਂ ਹੈ ਕਿ ਮੈਨੂੰ ਕਿਸ ਕਿਸਮ ਦਾ ਟੀਕਾ ਲੱਗਿਆ ਸੀ। ਕੀ ਮੈਨੂੰ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨ ਲਈ ਖੂਨ ਦਾ ਟੈਸਟ ਕਰਵਾਉਣਾ ਚਾਹੀਦਾ ਹੈ?
-
ਨਹੀਂ, ਤੁਹਾਨੂੰ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨ ਲਈ ਖੂਨ ਦਾ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। 1960 ਦੇ ਦਹਾਕੇ ਵਿੱਚ ਖਸਰੇ ਦੇ ਦੋ ਕਿਸਮ ਦੇ ਟੀਕੇ ਵਰਤੇ ਜਾਂਦੇ ਸਨ: ਲਾਈਵ ਵਾਇਰਸ ਅਤੇ ਅਕਿਰਿਆਸ਼ੀਲ (ਮਾਰੇ ਗਏ) ਵਾਇਰਸ। ਬਾਅਦ ਵਿੱਚ ਇਹ ਪਾਇਆ ਗਿਆ ਕਿ ਇਹ ਅਕਿਰਿਆਸ਼ੀਲ ਵਾਲਾ ਟੀਕਾ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਵਿੱਚ ਉੱਨਾ ਅਸਰਦਾਰ ਨਹੀਂ ਸੀ। ਜੇਕਰ ਤੁਹਾਨੂੰ ਇਹ ਨਹੀਂ ਪਤਾ ਕਿ ਤੁਹਾਨੂੰ ਕਿਸ ਕਿਸਮ ਦਾ ਟੀਕਾ ਲੱਗਿਆ ਸੀ, ਜਾਂ ਤੁਹਾਡੇ ਕੋਲ ਕੋਈ ਰਿਕਾਰਡ ਨਹੀਂ ਹੈ, ਤਾਂ ਤੁਹਾਨੂੰ MMR ਟੀਕੇ ਦੀ ਘੱਟੋ-ਘੱਟ 1 ਖੁਰਾਕ ਜ਼ਰੂਰ ਲਗਵਾਉਣੀ ਚਾਹੀਦੀ ਹੈ। ਜੇਕਰ ਤੁਹਾਨੂੰ ਇਸ ਬਿਮਾਰੀ ਦਾ ਜ਼ਿਆਦਾ ਜੋਖਮ ਹੈ, ਤਾਂ 2 ਖੁਰਾਕਾਂ ਲਗਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
- ਮੈਂ ਖਸਰੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਦੀ ਜਾਂਚ ਕਰਨ ਲਈ ਆਪਣੇ ਖੂਨ ਦਾ ਟੈਸਟ ਕਰਵਾਇਆ ਸੀ ਅਤੇ ਇਹ ਨੈਗੇਟਿਵ ਆਇਆ ਹੈ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ?
-
ਜੇਕਰ ਤੁਹਾਡੇ ਕੋਲ ਟੀਕਾਕਰਨ ਦਾ ਅਜਿਹਾ ਰਿਕਾਰਡ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਹਾਨੂੰ MMR ਦੀਆਂ 2 ਖੁਰਾਕਾਂ ਲੱਗ ਚੁੱਕੀਆਂ ਹਨ, ਤਾਂ ਟਾਈਟਰ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਵੀ ਤੁਹਾਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ ਕਿਸੇ ਹੋਰ ਵਾਧੂ ਟੀਕੇ ਦੀ ਲੋੜ ਨਹੀਂ ਹੈ। ਜੇਕਰ ਤੁਹਾਡੇ ਕੋਲ ਅਜਿਹਾ ਕੋਈ ਟੀਕਾਕਰਨ ਰਿਕਾਰਡ ਨਹੀਂ ਹੈ ਜੋ ਇਹ ਦਰਸਾਉਂਦਾ ਹੋਵੇ ਕਿ ਤੁਹਾਨੂੰ MMR ਦਾ ਟੀਕਾ ਲੱਗਿਆ ਸੀ, ਤਾਂ ਤੁਸੀਂ ਟੀਕਾ ਲਗਵਾ ਸਕਦੇ ਹੋ। ਜੇਕਰ ਤੁਹਾਨੂੰ ਪਹਿਲਾਂ ਟੀਕਾ ਲਗਾਇਆ ਗਿਆ ਸੀ ਪਰ ਤੁਹਾਡੇ ਕੋਲ ਉਸਦਾ ਰਿਕਾਰਡ ਨਹੀਂ ਹੈ, ਤਾਂ ਵੀ ਵਾਧੂ MMR ਟੀਕੇ ਲਗਵਾਉਣ ਵਿੱਚ ਕੋਈ ਨੁਕਸਾਨ ਨਹੀਂ ਹੈ।
- ਕਿਹੜੇ ਲੋਕਾਂ ਨੂੰ MMR ਟੀਕੇ ਦੀਆਂ ਵਾਧੂ ਖੁਰਾਕਾਂ ਦੀ ਲੋੜ ਨਹੀਂ ਹੁੰਦੀ?
-
ਸਕੂਲ ਜਾਣ ਤੋਂ ਪਹਿਲਾਂ ਦੀ ਉਮਰ ਦੇ ਬੱਚੇ, ਜਿਨ੍ਹਾਂ ਨੂੰ ਉਨ੍ਹਾਂ ਦੇ ਪਹਿਲੇ ਜਨਮਦਿਨ ਜਾਂ ਉਸ ਤੋਂ ਬਾਅਦ MMR ਟੀਕੇ ਦੀ ਘੱਟੋ-ਘੱਟ 1 ਖੁਰਾਕ ਲੱਗ ਚੁੱਕੀ ਹੈ।
ਘੱਟ-ਜੋਖਮ ਵਾਲੇ ਵਿਅਸਕ, ਜਿਨ੍ਹਾਂ ਨੂੰ MMR ਟੀਕੇ ਦੀ ਘੱਟੋ-ਘੱਟ 1 ਖੁਰਾਕ ਲੱਗ ਚੁੱਕੀ ਹੈ।
ਸਕੂਲ ਜਾਣ ਦੀ ਉਮਰ ਦੇ ਬੱਚੇ, ਨੌਜਵਾਨ ਅਤੇ ਉੱਚ-ਜੋਖਮ ਵਾਲੇ ਵਿਅਸਕ, ਜਿਨ੍ਹਾਂ ਨੂੰ MMR ਟੀਕੇ ਦੀਆਂ 2 ਖੁਰਾਕਾਂ ਲੱਗ ਚੁੱਕੀਆਂ ਹਨ।
ਉਹ ਲੋਕ ਜਿਨ੍ਹਾਂ ਦਾ ਜਨਮ 1957 ਤੋਂ ਪਹਿਲਾਂ ਹੋਇਆ ਸੀ।
- ਕੀ ਮੈਂ "ਉੱਚ ਜੋਖਮ" ਵਿਅਸਕ ਹਾਂ ਜਿਸਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣ ਦੀ ਲੋੜ ਹੈ?
-
ਜੇਕਰ ਤੁਸੀਂ ਕਾਲਜ ਦੇ ਵਿਦਿਆਰਥੀ, ਸਿਹਤ ਸੰਭਾਲ ਕਰਮਚਾਰੀ, ਜਾਂ ਅੰਤਰਰਾਸ਼ਟਰੀ ਯਾਤਰੀ ਹੋ, ਤਾਂ ਤੁਹਾਨੂੰ ਉੱਚ ਜੋਖਮ ਵਾਲੀ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ ਅਤੇ ਤੁਹਾਨੂੰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਮੈਨੂੰ HIV ਹੈ। ਕੀ ਮੈਂ MMR ਟੀਕਾ ਲਗਵਾ ਸਕਦਾ/ਸਕਦੀ ਹਾਂ?
-
ਹਾਂ। MMR ਟੀਕਾ HIV ਨਾਲ ਪੀੜਤ ਉਨ੍ਹਾਂ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਬਹੁਤ ਜ਼ਿਆਦਾ ਕਮਜ਼ੋਰ ਨਹੀਂ ਹੈ, ਜਿਵੇਂ ਕਿ ਉਨ੍ਹਾਂ ਦੀਆਂ ਲੈਬ ਰਿਪੋਰਟਾਂ ਤੋਂ ਸਾਬਤ ਹੁੰਦਾ ਹੈ।
- ਮੈਂ ਬਚਪਨ ਵਿੱਚ MMR ਟੀਕੇ ਦੀਆਂ 2 ਖੁਰਾਕਾਂ ਲਗਵਾਈਆਂ ਸਨ। ਗਰਭ ਅਵਸਥਾ ਦੌਰਾਨ, ਮੇਰੀਆਂ ਲੈਬ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਮੈਂ ਰੂਬੇਲਾ ਤੋਂ ਸੁਰੱਖਿਅਤ ਨਹੀਂ ਸੀ। ਕੀ ਮੈਨੂੰ ਹੋਰ ਟੀਕਾ ਲਗਵਾਉਣਾ ਚਾਹੀਦਾ ਹੈ?
-
ਜੇਕਰ MMR ਟੀਕੇ ਦੀਆਂ 2 ਖੁਰਾਕਾਂ ਲਗਵਾਉਣ ਦੇ ਬਾਵਜੂਦ ਤੁਹਾਡੀਆਂ ਲੈਬ ਰਿਪੋਰਟਾਂ ਇਹ ਦਿਖਾਉਂਦੀਆਂ ਹਨ ਕਿ ਤੁਸੀਂ ਰੂਬੇਲਾ ਤੋਂ ਸੁਰੱਖਿਅਤ ਨਹੀਂ ਹੋ, ਤਾਂ ਤੁਹਾਨੂੰ ਗਰਭ ਅਵਸਥਾ ਤੋਂ ਬਾਅਦ ਇੱਕ ਹੋਰ ਖੁਰਾਕ ਲਗਵਾਉਣੀ ਚਾਹੀਦੀ ਹੈ। ਗਰਭ ਅਵਸਥਾ ਦੌਰਾਨ MMR ਟੀਕਾ ਲਗਵਾਉਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਹ ਜੀਵਿਤ ਕੀਟਾਣੂਆਂ ਵਾਲਾ ਟੀਕਾ ਹੈ।
ਅਮਰੀਕਾ ਵਿੱਚ ਰੂਬੇਲਾ ਦਾ ਵੱਖਰਾ ਟੀਕਾ ਉਪਲਬਧ ਨਹੀਂ ਹੈ, ਪਰ ਅਜਿਹੀ ਸਥਿਤੀ ਵਿੱਚ MMR ਟੀਕੇ ਦੀ ਤੀਜੀ ਖੁਰਾਕ ਲਗਵਾਉਣਾ ਸੁਰੱਖਿਅਤ ਅਤੇ ਅਸਰਦਾਰ ਹੈ। ਗਰਭ ਅਵਸਥਾ ਦੌਰਾਨ ਰੂਬੇਲਾ ਬਹੁਤ ਖ਼ਤਰਨਾਕ ਹੁੰਦਾ ਹੈ ਅਤੇ ਇਸ ਨਾਲ ਗਰਭਵਤੀ ਮਹਿਲਾ ਦਾ ਗਰਭਪਾਤ ਹੋਣ ਜਾਂ ਮਰੇ ਹੋਏ ਬੱਚੇ ਦੇ ਜਨਮ ਲੈਣ ਦਾ ਜੋਖਮ ਵੱਧ ਜਾਂਦਾ ਹੈ। ਗਰਭ ਵਿੱਚ ਪਲ ਰਹੇ ਬੱਚੇ ਨੂੰ ਜਨਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਜੋਖਮ ਹੁੰਦਾ ਹੈ, ਜਿਸ ਦੇ ਨਤੀਜੇ ਬਹੁਤ ਮਾੜੇ ਅਤੇ ਉਮਰ ਭਰ ਰਹਿਣ ਵਾਲੇ ਹੋ ਸਕਦੇ ਹਨ।
- ਮੈਂ ਬੱਚੇ ਨੂੰ ਦੁੱਧ ਚੁੰਘਾਉਂਦੀ ਹਾਂ। ਕੀ MMR ਟੀਕਾ ਲਗਵਾਉਣਾ ਸੁਰੱਖਿਅਤ ਹੈ?
-
ਹਾਂ। ਬੱਚੇ ਨੂੰ ਦੁੱਧ ਚੁੰਘਾਉਣਾ MMR ਟੀਕੇ ਦੇ ਪ੍ਰਭਾਵ ਵਿੱਚ ਕੋਈ ਰੁਕਾਵਟ ਨਹੀਂ ਪਾਉਂਦਾ ਅਤੇ ਨਾ ਹੀ ਇਸ ਨਾਲ ਬੱਚੇ ਦੀ ਸਿਹਤ 'ਤੇ ਕੋਈ ਅਸਰ ਪੈਂਦਾ ਹੈ। ਟੀਕਾ ਲਗਵਾਉਣ ਤੋਂ ਬਾਅਦ ਵੀ ਬੱਚੇ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
MMR ਟੀਕਾ ਅਤੇ ਯਾਤਰਾ
- ਮੇਰਾ ਜਨਮ 1957 ਤੋਂ ਪਹਿਲਾਂ ਹੋਇਆ ਸੀ, ਮੈਂ ਕੋਈ ਸਿਹਤ ਕਰਮਚਾਰੀ ਨਹੀਂ ਹਾਂ ਅਤੇ ਮੈਂ ਅੰਤਰਰਾਸ਼ਟਰੀ ਯਾਤਰਾ 'ਤੇ ਜਾਣ ਤੋਂ ਪਹਿਲਾਂ MMR ਟੀਕਾ ਲਗਵਾਉਣਾ ਚਾਹੁੰਦਾ/ਚਾਹੁੰਦੀ ਹਾਂ। ਕੀ ਮੈਂ ਅਜੇ ਵੀ MMR ਟੀਕਾ ਲਗਵਾ ਸਕਦਾ/ਸਕਦੀ ਹਾਂ?
-
ਇਸਦੀ ਲੋੜ ਨਹੀਂ ਹੈ ਕਿਉਂਕਿ 1957 ਤੋਂ ਪਹਿਲਾਂ ਜਨਮੇ ਵਿਅਕਤੀਆਂ ਨੂੰ ਆਮ ਤੌਰ 'ਤੇ ਸੁਰੱਖਿਅਤ ਮੰਨਿਆ ਜਾਂਦਾ ਹੈ। ਹਾਲਾਂਕਿ, ਜੇਕਰ ਕੋਈ ਚਾਹੇ ਤਾਂ 1957 ਤੋਂ ਪਹਿਲਾਂ ਜਨਮੇ ਕਿਸੇ ਵੀ ਵਿਅਕਤੀ ਨੂੰ MMR ਟੀਕਾ ਲਗਾਇਆ ਜਾ ਸਕਦਾ ਹੈ। MMR ਟੀਕਾਕਰਨ ਤੋਂ ਪਹਿਲਾਂ ਖੂਨ ਦੇ ਟੈਸਟ ਦੀ ਲੋੜ ਨਹੀਂ ਹੁੰਦੀ।
- ਮੈਂ ਵਿਦੇਸ਼ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ/ਰਹੀ ਹਾਂ ਅਤੇ 12 ਮਹੀਨਿਆਂ ਦੀ ਉਮਰ ਤੋਂ ਬਾਅਦ ਪਹਿਲਾਂ ਹੀ MMR ਦੇ 2 ਟੀਕੇ ਲਗਵਾ ਚੁੱਕਾ/ਚੁੱਕੀ ਹਾਂ। ਕੀ ਮੈਨੂੰ ਬੂਸਟਰ ਦੀ ਲੋੜ ਹੈ?
-
ਨਹੀਂ। ਜੇਕਰ ਤੁਸੀਂ 12 ਮਹੀਨਿਆਂ ਦੀ ਉਮਰ ਵਿੱਚ ਜਾਂ ਉਸ ਤੋਂ ਬਾਅਦ MMR ਦੀਆਂ 2 ਖੁਰਾਕਾਂ ਲਗਵਾਈਆਂ ਹਨ, ਤਾਂ ਤੁਹਾਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਯਾਤਰਾ ਕਰਨ ਤੋਂ ਪਹਿਲਾਂ ਤੁਹਾਨੂੰ ਹੋਰ ਖੁਰਾਕ ਦੀ ਲੋੜ ਨਹੀਂ ਹੁੰਦੀ।
- ਮੈਂ ਅਮਰੀਕਾ ਦੇ ਅੰਦਰ ਹੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ/ਰਹੀ ਹਾਂ। MMR ਟੀਕਾਕਰਨ ਲਈ ਕੀ ਸਿਫ਼ਾਰਸ਼ਾਂ ਹਨ?
-
ਹਰ ਕਿਸੇ ਨੂੰ CDC ਦੀ ਸਿਫ਼ਾਰਸ਼ ਕੀਤੀ MMR ਟੀਕਾਕਰਨ ਸੂਚੀ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਜਿਸ ਇਲਾਕੇ ਵਿੱਚ ਯਾਤਰਾ ਕਰ ਰਹੇ ਹੋ ਉੱਥੇ ਭਾਈਚਾਰੇ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ, ਤਾਂ ਖਾਸ ਸਿਫ਼ਾਰਸ਼ਾਂ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ ਜਾਂ ਰਾਜ ਦੇ ਸਿਹਤ ਵਿਭਾਗ ਦੀ ਵੈੱਬਸਾਈਟ ਦੇਖੋ। ਜੇਕਰ ਤੁਹਾਨੂੰ MMR ਦਾ ਕੋਈ ਟੀਕਾ ਨਹੀਂ ਲੱਗਿਆ ਹੈ ਅਤੇ ਤੁਸੀਂ ਕਿਸੇ ਅਜਿਹੇ ਇਲਾਕੇ ਵਿੱਚ ਯਾਤਰਾ ਕਰ ਰਹੇ ਹੋ ਜਿੱਥੇ ਖਸਰਾ ਫੈਲਿਆ ਹੋਇਆ ਹੈ, ਤਾਂ ਯਾਤਰਾ ਕਰਨ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ MMR ਦਾ ਟੀਕਾ ਜ਼ਰੂਰ ਲਗਵਾਓ।
- ਅਸੀਂ ਅੰਤਰਰਾਸ਼ਟਰੀ ਯਾਤਰਾ ਕਰ ਰਹੇ ਹਾਂ ਅਤੇ ਸਾਡੇ ਬੱਚੇ ਦੀ ਉਮਰ 12 ਮਹੀਨਿਆਂ ਤੋਂ ਘੱਟ ਹੈ। ਕੀ ਉਹਨਾਂ ਨੂੰ MMR ਦਾ ਟੀਕਾ ਸਮੇਂ ਤੋਂ ਪਹਿਲਾਂ ਲਗਵਾਉਣਾ ਚਾਹੀਦਾ ਹੈ?
-
ਹਾਂ। 6-11 ਮਹੀਨਿਆਂ ਦੇ ਬੱਚਿਆਂ ਨੂੰ ਅੰਤਰਰਾਸ਼ਟਰੀ ਯਾਤਰਾ 'ਤੇ ਜਾਣ ਤੋਂ ਪਹਿਲਾਂ MMR ਟੀਕੇ ਦੀ 1 ਖੁਰਾਕ ਜ਼ਰੂਰ ਲਗਵਾਉਣੀ ਚਾਹੀਦੀ ਹੈ। ਤੁਹਾਡੇ ਬੱਚੇ ਨੂੰ 12 ਮਹੀਨਿਆਂ ਦੀ ਉਮਰ ਅਤੇ ਫਿਰ 4 ਸਾਲ ਦੀ ਉਮਰ ਵਿੱਚ 2 ਹੋਰ ਖੁਰਾਕਾਂ ਲਗਵਾਉਣੀਆਂ ਚਾਹੀਦੀਆਂ ਹਨ।
- ਮੈਂ ਵਿਦੇਸ਼ ਯਾਤਰਾ 'ਤੇ ਜਾ ਰਿਹਾ/ਰਹੀ ਹਾਂ, ਅਤੇ ਮੇਰੀ ਯਾਤਰਾ ਵਿੱਚ 2 ਹਫ਼ਤਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ। ਕੀ ਮੈਨੂੰ MMR ਦਾ ਟੀਕਾ ਲਗਵਾਉਣਾ ਚਾਹੀਦਾ ਹੈ?
-
ਹਾਂ। ਅੰਤਰਰਾਸ਼ਟਰੀ ਯਾਤਰਾ ਤੋਂ ਘੱਟੋ-ਘੱਟ 2 ਹਫ਼ਤੇ ਪਹਿਲਾਂ MMR ਟੀਕਾਕਰਨ ਕਰਵਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਹਾਲਾਂਕਿ, ਭਾਵੇਂ ਤੁਹਾਡੀ ਯਾਤਰਾ ਜਲਦੀ ਹੀ ਕਿਉਂ ਨਾ ਹੋਵੇ, ਫਿਰ ਵੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।